Homepage

ਕਾਮਾਗਾਟਾ ਮਾਰੂ ਸਾਕੇਲਈ ਮੁਆਫ਼ੀਨਾਮਾ

ਲਿਬਰਲ ਪਖੰਡਬਾਜ਼ੀ ਦਾ ਕੋਈ ਅੰਤ ਨਹੀਂ

ਕੈਨੇਡਾ ਦੀ ਕਮਿਉਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਮਈ ਨੂੰ ਹਾਉਸ ਆਫ਼ ਕਾਮਨਜ਼ ਵਿਚ 102 ਸਾਲ ਪਹਿਲਾਂ ਦੀ ਕਾਮਾਗਾਟਾ ਮਾਰੂ ਘਟਨਾ ਬਾਰੇ ਦਸਤੂਰ ਅਨੁਸਾਰ ਮੁਆਫ਼ੀ ਮੰਗ ਲਈ।

23 ਮਈ 1914 ਨੂੰ ਹਿੰਦੁਸਤਾਨੀ ਮੂਲ ਦੇ 376 ਮੁਸਾਫ਼ਰ ਕਾਮਾਗਾਟਾ ਮਾਰੂ ਜਹਾਜ਼ ਉਤੇ ਸਵਾਰ ਹੋ ਕੇ ਵੈਨਕੂਵਰ ਆਏ ਪਰ ਕਨੇਡਾ ਵਿਚ ਦਾਖ਼ਲ ਨਾ ਹੋਣ ਦਿੱਤੇ ਗਏ। ਇਹ ਮੁਸਾਫ਼ਰ ਬ੍ਰਤਾਨਵੀ ਰਾਜ ਅਧੀਨ ਮੁਲਕ ਹਿੰਦੁਸਤਾਨ ਦੇ ਲੋਕ ਸਨ ਤੇ ਇਨ੍ਹਾਂ ਵਿਚੋਂ ਕਈ ਉਹ ਵੀ ਸਨ ਜੋ ਸਾਬਕਾ ਫੌਜੀ ਸਨ ਤੇ ਬ੍ਰਤਾਨਵੀ ਸਾਮਰਾਜ ਲਈ ਲੜਨ ਵਾਸਤੇ ਬ੍ਰਤਾਨਵੀ ਹਿੰਦ ਫੌਜ ਭਰਤੀ ਰਹੇ ਸਨ। ਇਹਦੇ ਬਾਵਜੂਦ ਬਰਤਾਨਵੀ ਰਾਜ ਅਧੀਨ ਮੁਲਕਾਂ ਦੇ ਰਹਿਣ ਵਾਲੇ ਹੋਰ ਲੋਕਾਂ ਵਾਂਗ ਸਾਰੇ ਅੰਗਰੇਜ਼ੀ ਰਾਜ ਵਿਚ ਸਫ਼ਰ ਕਰਨ ਦੀ ਖੁਲ੍ਹ ਉਨ੍ਹਾਂ ਨੂੰ ਨਹੀਂ ਸੀ। 32 ਦਿਨ ਉਨ੍ਹਾਂ ਨੂੰ ਜਹਾਜ਼ ਉਤੇ ਹੀ ਰਹਿਣਾ ਪਿਆ ਤੇ ਅੰਨ ਪਾਣੀ ਤੇ ਹੋਰ ਕਿਸੇ ਵੀ ਤਰ੍ਹਾਂ ਦੀ ਸਹੂਲਤ ਤੋਂ ਵਾਂਝੇ ਰੱਖਿਆ ਗਿਆ। ਨੇਵੀ ਦੇ ਜਹਾਜ਼ ਐਚ ਐਮ ਸੀ ਐਸ ਰੇਨਬੌਅ ਅਤੇ ਪੁਲਸ ਦੀਆਂ ਕਿਸ਼ਤੀਆਂ ਨੇ ਕਾਮਾਗਾਟਾ ਮਾਰੂ ਨੂੰ ਘੇਰੀ ਰੱਖਿਆ ਤੇ ਇਹ ਮੁਸਾਫ਼ਿਰ ਗੈਰ ਇਨਸਾਨੀ ਹਾਲਤਾਂ ਵਿਚ ਰਹਿਣ ਲਈ ਮਜਬੂਰ ਕੀਤੇ ਗਏ।

ਬ੍ਰਤਾਨਵੀ ਸਾਮਰਾਜ ਅਧੀਨ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੂੰ ਕਨੇਡਾ ਆਉਣ ਤੋ ਰੋਕਣ ਲਈ ਕਨੇਡਾ ਦੀ ਪਾਰਲੀਮੈਂਟ ਨੇ 1909 ਵਿਚ ਇਹ ਕਾਨੂੰਨ ਪਾਸ ਕਰ ਦਿੱਤਾ ਕਿ ਕਨੇਡਾ ਵਿਚ ਆਉਣ ਲਈ ਮੁਸਾਫ਼ਰਾਂ ਨੂੰ ਆਪਣੇ ਦੇਸ਼ ਤੋਂ ਚੱਲ ਕੇ ਸਿਧੇ ਕਨੇਡਾ ਆਉਣਾ ਹੋਵੇਗਾ। ਉਸ ਵੇਲੇ ਕੋਈ ਵੀ ਰੈਗੂਲਰ ਜਹਾਜ਼ ਭਾਰਤ ਤੋਂ ਚੱਲ ਕੇ ਸਿੱਧਾ ਕੇਨੇਡਾ ਨਹੀਂ ਸੀ ਆਉਂਦਾ। ਪਰ ਜਦੋਂ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਿਰਾਂ ਨੇ ਸਿਧੇ ਕੈਨੇਡਾ ਆਉਣ ਦੀ ਖ਼ਾਤਰ ਇਕ ਚਾਰਟਰ ਜਹਾਜ਼ ਲੈ ਲਿਆ ਤੇ ਵੈਨਕੂਵਰ ਦੀ ਬੰਦਰਗਾਹ ਵਿਚ ਆ ਪਹੁੰਚੇ ਤਾਂ ਉਨ੍ਹਾਂ ਨੂੰ ਕਨੇਡਾ ਦੀ ਧਰਤੀ ਤੇ ਪੈਰ ਰੱਖਣ ਤੋਂ ਰੋਕ ਦਿੱਤਾ ਗਿਆ ਜੋ ਕਾਨੂੰਨ ਦੀ ਸਿੱਧੀ ਪੱਧਰੀ ਉਲੰਘਣਾਂ ਸੀ।[1]

ਜਦ ਜਹਾਜ਼ ਨੂੰ ਇੰਟਰੀ ਦੇਣ ਤੋਂ ਨਾਂਹ ਕਰ ਦਿੱਤੀ ਗਈ ਤੇ ਜਹਾਜ਼ ਦੇ ਸਵਾਰ ਗੰਨਬੋਟਾਂ ਦੀ ਨਿਗਰਾਨੀ ਸਪੁਰਦ ਕਰ ਦਿਤੇ ਗਏ ਤਾਂ ਵੈਨਕੂਵਰ ਵਿਚ ਵਸਦੇ ਹਿੰਦੁਸਤਾਨੀ ਭਾਈਚਾਰੇ ਨੇ ਜਹਾਜ਼ ਦੇ ਮੁਸਾਫਰਾਂ ਦੀ ਮੱਦਦ ਕਰਨ ਲਈ ਇਕ ਕਮੇਟੀ ਬਣਾਈ ਜਿਹਦਾ ਨਾਂ ਸੀ ਸ਼ੋਰ ਕਮੇਟੀ। ਜਹਾਜ਼ ਦੇ ਮੁਸਾਫ਼ਰਾਂ ਦਾ ਕੇਸ ਲੜਨ ਲਈ ਸ਼ੋਰ ਕਮੇਟੀ ਨੇ ਜੇ.ਐਡਵਰਡ ਬਰਡ ਨਾਮ ਦਾ ਇਕ ਵਕੀਲ ਕਰ ਲਿਆ ਜੋ ਵੈਨਕੂਵਰ ਸਿਟੀ ਕੌਂਸਲ ਵਿਚ ਸੋਸ਼ਲਿਸਟ ਪਾਰਟੀ ਦਾ ਮੈਂਬਰ ਸੀ। ਸ਼ੋਰ ਕਮੇਟੀ ਨੇ ਸੈਂਕੜੇ ਲੋਕਾਂ ਦੀਆਂ ਮੀਟਿੰਗਾਂ ਕੀਤੀਆਂ ਅਤੇ ਜਹਾਜ਼ ਦਾ ਭਾੜਾ ਦੇਣ ਤੇ ਇਸ ਨੂੰ ਵਾਪਸ ਹਾਂਗਕਾਂਗ ਭੇਜੇ ਜਾਣ ਤੋਂ ਰੋਕਣ ਲਈ ੧੫ ਹਜ਼ਾਰ ਡਾਲਰ ਇਕੱਠੇ ਕੀਤੇ। ਕਮੇਟੀ ਦੀਆਂ ਕੋਸ਼ਿਸਾਂ, ਇੰਡੀਅਨ ਭਾਈਚਾਰੇ ਦੀ ਮੱਦਦ ਅਤੇ ਵੈਨਕੂਵਰ ਦੀ ਮਜ਼ਦੂਰ ਜਮਾਤ ਦੀ ਜਥੇਬੰਦੀ ਦੇ ਬੰਦੇ ਜਿਵੇਂ ਕਿ ਵਕੀਲ ਜੇ. ਐਡਬਰਡ ਬਰਡ ਆਦਿ ਦੀਆਂ ਕੋਸ਼ਿਸ਼ਾਂ ਸਦਕਾ ਜਹਾਜ਼ ਦੇ ਮੁਸਾਫ਼ਰਾਂ ਦੀ ਦੇਖ ਭਾਲ ਕਰਨ ਵਿਚ ਕਿਸੇ ਹੱਦ ਸਫ਼ਲ ਰਹੇ ਅਤੇ ਮਈ 23 ਤੋਂ ਲੈ ਕੇ 23 ਜੁਲਾਈ ਤੱਕ ਕਨੇਡੀਅਨ ਅਧਿਕਾਰੀ ਜਹਾਜ਼ ਨੂੰ ਬਾਹਰ ਨਾ ਕੱਢ ਸਕੇ [2]

ਜਹਾਜ਼ ਦੇ ਮੁਸਾਫ਼ਰਾਂ ਦੇ ਖਿਲਾਫ਼ ਬ੍ਰਤਾਨਵੀ ਸਾਮਰਾਜ ਦੀ ਇਸ ਮੁਜਿਰਮਾਨਾ ਕਾਰਵਾਈ ਦੀ ਸਫ਼ਾਈ ਵਿਚ ਇਕ ਬਹਾਨਾ ਪੇਸ਼ ਕਰਦਿਆਂ ਕੈਨੇਡਾ ਦੇ ਗਵਰਨਰ ਜਨਰਲ ਆਰਥਰ ਦਾ ਡਿਊਕ ਆਫ਼ ਕਨਾਟ ਨੇ ਕਲੋਨੀਅਲ ਆਫਿਸ ਨੂੰ ਇਹ ਤਾਰ ਘੱਲੀ,   “ਇਥੇ ਇਹ ਖ਼ਿਆਲ ਹੈ ਕਿ ਕਾਮਾਗਾਟਾ ਮਾਰੂ ਯਾਤਰਾ ਲਈ ਪੈਸਾ ਸਿਆਸੀ ਅੰਦੋਲਨਕਾਰੀਆਂ ਜਾਂ ਗੁਪਤ ਇਨਕਲਾਬੀ ਸੁਸਾਇਟੀਆਂ ਨੇ ਦਿੱਤਾ ਹੈ।”

ਜਦੋਂ ਕਨੇਡਾ ਦੀ ਸਰਕਾਰ ਨੇ 23 ਜੁਲਾਈ ਨੂੰ ਕਾਮਾਗਾਟਾ ਮਾਰੂ ਜਹਾਜ਼ ਜਬਰੀ ਵਾਪਸ ਮੋੜ ਦਿੱਤਾ ਤਾਂ ਇਸ ਨੇ ਪਹਿਲਾਂ ਜਪਾਨ ਜਾਣਾ ਸੀ ਤੇ ਫੇਰ ਹਾਂਗਕਾਂਗ। ਜਦ ਇਹ ਖ਼ਬਰ ਹਾਂਗਕਾਂਗ ਦੀ ਕਲੋਨੀ ਦੇ ਬਸਤੀਵਾਦੀ ਸੈਕਟਰੀ ਨੂੰ ਮਿਲੀ ਤਾਂ ਉਸ ਨੇ ਕਿਹਾ ਕਿ ਜਹਾਜ਼ ਦਾ ਕੋਈ ਮੁਸਾਫ਼ਰ ਹਾਂਗਕਾਂਗ ਦੀ ਧਰਤੀ ਤੇ ਉਤਰਨ ਨਹੀਂ ਦਿੱਤਾ ਜਾਵੇਗਾ ਤੇ ਜੇ ਕਿਸੇ ਨੇ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਆਵਾਰਾਗਰਦੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਏ ਜਾਣਗੇ ਹਾਲਾਂਕਿ ਜਹਾਜ਼ ਦੇ ਕਈ ਮੁਸਾਫਿਰ ਹਾਂਗਕਾਂਗ ਵਿਚ ਰਹਿੰਦੇ ਰਹੇ ਸਨ ਤੇ ਦਰਅਸਲ ਇਸ ਸ਼ਹਿਰ ਦੀ ਤਾਮੀਰ ਕਰਨ ਵਾਲੇ ਲੋਕ ਸਨ।

ਫੇਰ ਜਹਾਜ਼ ਨੂੰ ਕਲਕੱਤੇ ਵੱਲ ਚਾਲੇ ਪਾਉਣੇ ਪਏ। ਉਥੇ ਪਹੁੰਚਣ ਤੇ ਬ੍ਰਤਾਨਵੀ ਸਾਮਰਾਜ ਦੀ ਗੰਨਬੋਟ ਨੇ ਜਹਾਜ਼ ਨੂੰ ਕਲਕੱਤੇ ਤੋਂ 27 ਕਿਲੋਮੀਟਰ ਬਾਹਰ ਹੀ ਹੁਗਲੀ ਦਰਿਆ ਦੇ ਬੱਜਬੱਜ ਘਾਟ ਤੇ ਲੰਗਰ ਸੁੱਟਣ ਲਈ ਮਜਬੂਰ ਕਰ ਦਿੱਤਾ। ਬੰਦੂਕਧਾਰੀ ਬ੍ਰਤਾਨਵੀ ਅਫ਼ਸਰਾਂ ਨੇ ਬਾਬਾ ਗੁਰਦਿੱਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਜੋ ਇਸ ਮੁਹਿੰਮ ਦਾ ਮੁਹਰੀ ਸੀ, ਤੇ ਬਾਕੀ ਮੁਸਾਫ਼ਰਾਂ ਨੂੰ ਪੰਜਾਬ ਵੱਲ ਉਨ੍ਹਾਂ ਦੇ ਪਿੰਡਾਂ ਨੂੰ ਭੇਜਣ ਲਈ ਰੇਲ ਗੱਡੀ ਤੇ ਚਾੜ ਦਿਤਾ। ਝਦ ਮੁਸਾਰਫਾਂ ਨੇ ਬਾਬਾ ਗੁਰਦਿੱਤ ਸਿੰਘ ਤੇ ਹੋਰ ਆਗੂਆਂ ਨੂੰ ਪੁਲਿਸ ਹਵਾਲੇ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਬ੍ਰਤਾਨਵੀ ਸਿਪਾਹੀਆਂ ਨੇ ਭੀੜ ਉਤੇ ਗੋਲੀ ਚਲਾ ਕੇ 20 ਬੰਦੇ ਮਾਰ ਦਿੱਤੇ। ਇਸ ਕਤਲੇਆਮ ਮਗਰੋਂ ਬਹੁਤੇ ਮੁਸਾਫਰ ਗ੍ਰਿਫ਼ਤਾਰ ਕਰ ਲਏ ਗਏ ਤੇ ਬਾਕੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਨਜ਼ਰਬੰਦ ਕਰ ਦਿਤਾ ਗਿਆ ਜੋ ਪਹਿਲੀ ਸੰਸਾਰ ਜੰਗ ਦੇ ਸਾਰੇ ਅਰਸੇ ਦੌਰਾਨ ਆਪਣੇ ਘਰਾਂ ਵਿਚ ਕੈਦੀ ਬਣਾ ਕੇ ਰੱਖੇ ਗਏ। ਪਰ ਬਾਬਾ ਗੁਰਦਿੱਤ ਸਿੰਘ ਕਿਸੇ ਤਰ੍ਹਾਂ ਬਚ ਕੇ ਨਿਕਲ ਗਿਆ ਤੇ 1922 ਤੱਕ ਆਜ਼ਾਦ ਰਿਹਾ। ਪਰ ਗਾਂਧੀ ਨੇ 1922 ਵਿਚ ਉਹਨੂੰ ਅੰਗਰੇਜ਼ ਬਸਤੀਵਾਦੀਆਂ ਦੇ ਹਵਾਲੇ ਹੋਣ ਲਈ ਰਾਜ਼ੀ ਕਰ ਲਿਆ ਤੇ ਉਹ ਪੰਜ ਸਾਲ ਉਨ੍ਹਾਂ ਦੀਆਂ ਜੇਲ਼੍ਹਾਂ ਵਿਚ ਰਿਹਾ।

ਕੈਨੇਡਾ ਦੀ ਕਮਿਉਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਸੋਚਦੀ ਹੈ ਕਿ ਕਾਮਾਗਾਟਾ ਮਾਰੂ ਘਟਨਾ ਬਾਰੇ ਗੱਲ ਕਰਨ ਵੇਲੇ ਇਹ ਬਹੁਤ ਹੀ ਜ਼ਰੂਰੀ ਹੈ ਕਿ ਉਸ ਵੇਲੇ ਦੇ ਹਾਲਾਤ ਤੇ ਚੰਗੀ ਤਰ੍ਹਾਂ ਗੌਰ ਕੀਤਾ ਜਾਵੇ। ਸਿਰਫ਼ ਇਹ ਕਹਿ ਦੇਣਾ ਹੀ ਕਾਫ਼ੀ ਨਹੀਂ ਕਿ”ਕੈਨੇਡਾ ਨੂੰ ਸਫੈਦ ਰੱਖਣ”ਦੀ ਨੀਤੀ ਕਰਕੇ ਹੀ”ਸਿੱਖ ਭਾਈਚਾਰੇ ਨਾਲ ਬੇਇਨਸਾਫ਼ੀ”ਹੋਈ ਜਿਵੇਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ। ਉਸ ਵੇਲੇ ਦਾ ਕੈਨੇਡਾ ਵੀ ਹਿੰਦੁਸਤਾਨ ਵਾਂਗ ਹੀ ਬ੍ਰਤਾਨਵੀ ਸਾਮਰਾਜ ਦਾ ਇਕ ਹਿੱਸਾ ਸੀ। ਕੈਨੇਡਾ ਨੇ ਹਿੰਦੁਸਤਾਨੀਆਂ ਦੀ ਆਜ਼ਾਦੀ ਦੀ ਜੰਗ ਨੂੰ ਦਬਾਉਣ ਵਿਚ ਬ੍ਰਤਾਨੀਆਂ ਦਾ ਸਾਥ ਦਿੱਤਾ ਸੀ। ਵੀਹਵੀਂ ਸਦੀ ਚੜ੍ਹਨ ਵੇਲੇ ਕਨੇਡਾ ਰਹਿੰਦੇ ਹਿੰਦੁਸਤਾਨੀ ਮੂਲ ਦੇ ਲੋਕ ਕੈਨੇਡਾ ਵਿਚ ਵੀ ਆਪਣੇ ਹੱਕਾਂ ਲਈ ਲੜ ਰਹੇ ਸਨ ਤੇ ਹਿੰਦੁਸਤਾਨ ਦੀ ਆਜ਼ਾਦੀ ਲਈ ਵੀ ਜਦੋਜਹਿਦ ਕਰ ਰਹੇ ਸਨ। 1913 ਵਿਚ ਹਿੰਦੁਸਤਾਨੀ ਗ਼ਦਰ ਪਾਰਟੀ ਵੀ ਦਰਅਸਲ ਕੈਨੇਡਾ ਤੇ ਅਮਰੀਕਾ ਵਿਚ ਰਹਿੰਦੇ ਹਿੰਦੁਸਤਾਨੀ ਲੋਕਾਂ ਦੇ ਉਪਰਾਲੇ ਨਾਲ ਹੀ ਬਣੀ ਸੀ ਜਿਸਦਾ ਮੁਖ ਨਿਸ਼ਾਨਾ ਬ੍ਰਤਾਨਵੀ ਸਾਮਰਾਜ ਦੀ’ਪਾੜੋ ਤੇ ਰਾਜ ਕਰੋ’ਦੀ ਨੀਤੀ ਨੂੰ ਹਰਾ ਕੇ ਹਿੰਦੁਸਤਾਨ ਨੂੰ ਬ੍ਰਤਾਨਵੀ ਸਾਮਰਾਜ ਦੇ ਜੂਲੇ ਹੇਠੋਂ ਕੱਢਣ ਦਾ ਸੀ। ਸੋ ਕਾਮਾਗਾਟਾ ਮਾਰੂ ਘਟਨਾ ਉਸ ਵੇਲੇ ਹੋਈ ਜਦ ਕੈਨੇਡਾ ਤੇ ਅਮਰੀਕਾ ਸਣੇ ਬਾਹਰਲੇ ਮੁਲਕਾਂ ਵਿਚ ਰਹਿੰਦੇ ਭਾਰਤੀ ਮੂਲ ਦੇ ਲੋਕ ਅਤੇ ਭਾਰਤ ਵਿਚ ਵਸਦੇ ਦੇਸ਼ ਭਗਤ ਹਿੰਦੁਸਤਾਨੀ ਲੋਕਾਂ ਨੂੰ ਧਰਮਾਂ ਤੇ ਕੌਮਾਂ ਤੋਂ ਉਪਰ ਉਠਕੇ ਬ੍ਰਤਾਨਵੀ ਸਾਮਰਾਜ ਦੇ ਖਿਲਾਫ਼ ਲੜਨ ਲਈ ਇਕਮੁੱਠ ਕਰਨ ਵਿਚ ਲੱਗੇ ਹੋਏ ਸਨ। ਉਸ ਵੇਲੇ ਉਨਾਂ ਦਾ ਇਕ ਇਤਰਾਜ਼ ਇਹ ਵੀ ਸੀ ਕਿ ਲੜਨ ਵਾਸਤੇ ਬ੍ਰਤਾਨਵੀ ਸਾਮਰਾਜੀ ਫੌਜ ਵਿਚ ਤਾਂ ਉਨ੍ਹਾਂ ਨੂੰ ਭਰਤੀ ਕਰ ਲਿਆ ਜਾਂਦਾ ਹੈ ਪਰ ਬਦਲੇ ਵਿਚ ਹੱਕ ਕੋਈ ਨਹੀਂ ਮਿਲਦਾ। [3]

ਇਕ ਹੋਰ ਅਹਿਮ ਗੱਲ ਹੈ ਕਿ ਮੁਆਫ਼ੀ ਮੰਗਣ ਵੇਲੇ ਟਰੂਡੋ ਸਾਰੀ ਚੀਜ਼ ਨੂੰ ਇਸ ਵੇਲੇ ਦੇ ਹਾਲਾਤ ਤੋਂ ਵੱਖ ਕਰਕੇ ਵੇਖਦੇ ਹੋਏ ਕਹਿੰਦਾ ਹੈ ਕਿ ਕੈਨੇਡਾ “ਵਖਰੇਵਿਆਂ ਦੇ ਬਾਵਜੂਦ ਮਜ਼ਬੂਤ ਨਹੀਂ ਬਲਕਿ ਵਖਰੇਵਿਆਂ ਕਰਕੇ ਹੀ ਮਜ਼ਬੂਤ” ਹੈ ਅਤੇ “ਪਨਾਹ ਦੇਣ ਵਾਲੀ ਧਰਤੀ” ਹੋਣ ਕਰਕੇ ਮਜ਼ਬੂਤ ਹੈ। ਇਸ ਤਰ੍ਹਾਂ ਦੀ ਗੱਲਬਾਤ ਦਾ ਮਕਸਦ ਇਸ ਸਚਾਈ ਨੂੰ ਲਕੋਣਾ ਹੈ ਕਿ ਕੈਨੇਡਾ ਦੀ ਸਰਕਾਰ ਦੀ ਨਸਲਪ੍ਰਸਤੀ ਦੀ ਨੀਤੀ ਹੁਣ ਕਿਤੇ ਖ਼ਤਮ ਨਹੀਂ ਹੋ ਗਈ ਬਲਕਿ ਜਿਉਂ ਦੀ ਤਿਉਂ ਕਾਇਮ ਹੈ। “ਵਖਰੇਵਿਆਂ ਦੀ ਤਾਕਤ” ਦਾ ਅਸਲ ਮਤਲਬ ਇਹ ਹੈ ਕਿ ਲੋਕਾਂ ਨੂੰ ਬੋਲੀ, ਧਰਮ, ਨਸਲ, ਕੌਮੀ ਪਿਛੋਕੜ ਅਤੇ ਹੋਰ ਨਿਮਾਣੀਆਂ ਗੱਲਾਂ ਦੇ ਅਧਾਰ ਤੇ ਪਾੜੀ ਰੱਖਣ ਵਿਚ ਸਰਕਾਰ ਬੜੀ ਤਕੜੀ ਹੈ। ਨਵ-ਲਿਬਰਲ ਸਰਕਾਰਾਂ ਦੀ ਨੀਤੀ ਦਾ ਅਧਾਰ ਹੀ ਇਹ ਹੈ ਕਿ ਜਮਾਤ ਦੀ ਗੱਲ ਬਿਲਕੁਲ ਨਹੀਂ ਕਰਨੀ ਹੋਰ ਜੋ ਮਰਜ਼ੀ ਕਰੋ। “ਮਿਡਲ ਕਲਾਸ” ਦੀ ਗੱਲ ਵੀ ਇਸ ਹਕੀਕਤ ਤੋਂ ਮੁਨਕਰ ਹੋਣ ਲਈ ਹੀ ਕੀਤੀ ਜਾਂਦੀ ਹੈ ਕਿ ਕੈਨੇਡਾ ਦੇ ਬਹੁਗਿਣਤੀ ਲੋਕ ਕੰਮ ਕਰਨ ਵਾਲੇ ਮਿਹਨਤਕਸ਼ ਹਨ ਜਿਨ੍ਹਾਂ ਦੇ ਸਿਰ ਤੇ ਸਮਾਜ ਜਿਉਂਦਾ ਹੈ। ਇਹ ਨੀਤੀ ਇਸ ਗੱਲ ਤੋਂ ਮੁਨਕਰ ਹੈ ਕਿ ਇਕ ਮਾਡਰਨ ਸਮਾਜ ਦੀ ਇਹ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੇ ਆਰਥਕ, ਇਨਸਾਨੀ, ਸਭਿਆਚਾਰਕ, ਸਿਆਸੀ ਤੇ ਸਮਾਜਕ ਹੱਕਾਂ ਨੂੰ ਪੂਰਾ ਕਰੇ ਤੇ ਸੁਆਰਥੀ ਹਿਤਾਂ ਦੀ ਪੂਰਤੀ ਲਈ ਕਿਸੇ ਵੀ ਸੂਰਤ ਵਿਚ ਇਨ੍ਹਾਂ ਹੱਕਾਂ ਨੂੰ ਉਲੰਘਿਆ ਨਾ ਜਾ ਸਕੇ। ਬੀਤੇ ਵਿਚ ਲੋਕਾਂ ਦੇ ਨਾਲ ਕੀਤੀਆਂ ਗਈਆਂ ਬੇਇਨਸਾਫ਼ੀਆਂ ਨੂੰ ਮੰਨਣ ਦੀ ਗੱਲ ਤਾਂ ਇਹ ਜ਼ਰੂਰ ਕਰਦੇ ਹਨ ਪਰ ਇਸ ਵੇਲੇ ਲੋਕਾਂ ਦੇ ਹੱਕਾਂ ਦੀ ਰਾਖੀ ਤੋਂ ਭੱਜਦੇ ਹਨ ਤੇ ਲੋਕਾਂ ਨੂੰ ਵੋਟ ਬੈਂਕ ਦੇ ਤੌਰ ਤੇ ਵਰਤਣ ਲਈ ਹਰ ਤਰ੍ਹਾਂ ਦੀਆਂ ਰਿਆਇਤਾਂ ਦੇਣ ਦੀਆਂ ਸਾਜਸ਼ਾਂ ਰਚਦੇ ਹਨ ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਸਟੇਟ ਤਾਂ ਬੜੀ ਹੀ ਜਮਹੂਰੀਅਤ ਪਸੰਦ ਹੈ।

18 ਅਪ੍ਰੈਲ ਨੂੰ ਲਿਬਰਲ ਸਰਕਾਰ ਤਰਫ਼ੋਂ ਮਾਫ਼ੀ ਮੰਗਦੇ ਹੋਏ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ,

“ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਿਰ ਵੀ ਏਥੇ ਇਸ ਕਰਕੇ ਪਨਾਹ ਚਾਹੰਦੇ ਸਨ ਕਿ ਉਨ੍ਹਾਂ ਦੇ ਪ੍ਰੀਵਾਰ ਇਕ ਚੰਗਾ ਜੀਵਨ ਜੀ ਸਕਣ ਜਿਸ ਤਰ੍ਹਾਂ ਉਨ੍ਹਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਆਉਣ ਵਾਲੇ ਲੱਖਾਂ ਆਵਾਸੀ ਚਾਹੁੰਦੇ ਸਨ। ਉਨ੍ਹਾਂ ਨੇ ਕੈਨੇਡਾ ਵਿਚ ਆ ਕੇ ਇਥੋਂ ਦੇ ਜੀਵਨ ਵਿਚ ਕਾਫ਼ੀ ਯੋਗਦਾਨ ਦੇਣਾ ਸੀ ਪਰ ਅਸੀਂ ਉਨ੍ਹਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਕੀਤੀ। ਜੋ ਵਿਤਕਰਾ ਉਸ ਵੇਲੇ ਦੀ ਕਨੇਡੀਅਨ ਸਰਕਾਰ ਨੇ ਸਿੱਖ ਭਾਈਚਾਰੇ ਨਾਲ ਕੀਤਾ ਉਸ ਨੂੰ ਇਕ ਰਾਸ਼ਟਰ ਦੇ ਤੌਰ ਤੇ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ। ਸਾਨੂੰ ਭੁਲਣਾ ਵੀ ਨਹੀਂ ਚਾਹੀਦਾ ਤੇ ਅਸੀਂ ਭੁਲਾਂਗੇ ਵੀ ਕਦੇ ਨਹੀਂ। ਹਾਉਸ ਆਫ਼ ਕਾਮਨ ਵਿਚ ਮੰਗੀ ਗਈ ਮਾਫ਼ੀ ਉਸ ਤਕਲੀਫ਼ ਤੇ ਬੇਇਨਸਾਫ਼ੀ ਨੂੰ ਮਿਟਾ ਨਹੀਂ ਕਰ ਸਕਦੀ ਜੋ ਕਨੇਡਾ ਸਰਕਾਰ ਦੇ ਸ਼ਰਮਨਾਕ ਰਵੱਈਏ ਕਰਕੇ ਉਨ੍ਹਾਂ ਲੋਕਾਂ ਨੇ ਬਰਦਾਸ਼ਤ ਕੀਤੇ। ਲੇਕਿਨ ਮੁਆਫ਼ੀ ਮੰਗਣੀ ਤੇ ਹਾਉਸ ਕਾਮਨ ਦੇ ਵਿਚ ਮੰਗਣੀ ਇਕ ਠੀਕ ਗੱਲ ਹੈ।”[4]

 

ਹਾਂਗਕਾਂਗ ਵਿਚ ਕੈਨੇਡਾ ਦੇ ਕੌਂਸਲ ਜਨਰਲ ਨੇ ਸਾਉਥ ਚਾਇਨਾ ਮੌਰਨਿੰਗ ਪੋਸਟ ਮੈਗਜ਼ੀਨ ਨੂੰ ਦਿੱਤੇ ਬਿਆਨ ਵਿਚ ਉਪਰਲੀ ਗੱਲ ਦੋਹਰਾਈ ਤੇ ਨਾਲ ਇਹ ਕਿਹਾ “ਕੈਨੇਡਾ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਡੇ ਇਤਹਾਸ ਵਿਚ ਕਾਲੇ ਪੰਨੇ ਵੀ ਹਨ।”

ਟਰੂਡੋ ਅੱਜ ਦੀ ਹਕੀਕਤ ਨੂੰ ਬਗੈਰ ਕਿਸੇ ਪਛਤਾਵੇ ਦੇ ਲਕੋਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਨਹੀਂ ਦੱਸਦਾ ਕਿ ਕੈਨੇਡਾ ਦੀ ਅੱਜ ਦੀ ਇਮੀਗਰੇਸ਼ਨ ਨੀਤੀ ਕੀ ਹੈ ਜਿਥੇ ਅੱਜ ਵੀ ਰਿਫਿਊਜੀਆਂ ਨੂੰ ਇੰਟਰੀ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਤੇ ਆਵਾਸੀਆਂ ਲਈ ਰਿਹਾਇਸ਼ ਤੇ ਸਿਟੀਜ਼ਨਸ਼ਿਪ ਹਾਸਲ ਕਰਨ ਦੇ ਰਾਹ ਵਿਚ ਅੜਿਕੇ ਖੜੇ ਕੀਤੇ ਜਾਂਦੇ ਹਨ। [5]

ਲਿਬਰਲਾਂ ਦਾ ਇਹ ਕਹਿਣਾ ਕਿ, ਮੁਆਫ਼ੀ ਮੰਗਣ ਲਈ ਸਹੀ ਥਾਂ ਹਾਉਸ ਆਫ ਕਾਮਨ ਹੀ ਹੈ, ਵੀ ਇਕ ਗੁਮਰਾਹਕੁੰਨ ਗੱਲ ਹੈ। ਮਾਫ਼ੀ ਦੀ ਘੋਸ਼ਣਾਂ ਕਰਦੇ ਹੋਏ ਟਰੂਡੋ ਨੇ ਕਿਹਾ,” ਇਹ ਹਾਉਸ ਕਾਮਨ ਹੀ ਸੀ ਜਿਥੇ ਇਹ ਕਾਨੂੰਨ ਪਾਸ ਕੀਤਾ ਗਿਆ ਸੀ ਜਿਸ ਦੇ ਤਹਿਤ ਕਾਮਾਗਾਟਾ ਮਾਰੂ ਦੇ ਯਾਤਰੂਆਂ ਨੂੰ ਕਨੇਡਾ ਵੜਨ ਤੋ ਰੋਕਿਆ ਗਿਆ।” ਤੇ ਮੁਆਫ਼ੀ ਮੰਗਣ ਦੇ ਦੌਰਾਨ ਵੀ ਉਹਨੇ ਕਿਹਾ,”ਬਗੈਰ ਕਿਸੇ ਸ਼ੱਕ ਦੇ ਇਹ ਕੈਨੇਡਾ ਸਰਕਾਰ ਦਾ ਬਣਾਇਆ ਕਾਨੂੰਨ ਹੀ ਸੀ ਜਿਸ ਨੂੰ ਵਰਤ ਕੇ ਮੁਸਾਫਿਰਾਂ ਨੂੰ ਅਮਨ ਚੈਨ ਨਾਲ ਕਨੇਡਾ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ।” ਪਰ ਇਹ ਕਹਿਣਾਂ ਇਸ ਚੀਜ਼ ਤੇ ਪਰਦਾ ਪਾਉਣਾ ਵੀ ਹੈ ਕਿ 1909 ਵਿਚ ਡੌਮੀਨੀਅਨ ਆਫ਼ ਕੈਨੇਡਾ ਬਰਿਟਿਸ਼ ਸਾਮਰਾਜ ਦਾ ਹੀ ਹਿੱਸਾ ਸੀ ਤੇ ਕੋਈ ਵੀ ਫ਼ੈਸਲਾ ਆਪਣੇ ਆਪ ਨਹੀਂ ਸੀ ਕਰ ਸਕਦਾ। ਹਾਉਸ ਆਫ਼ ਕਾਮਨ ਸਿਰਫ਼ ਉਹ ਫੈਸਲੇ ਹੀ ਕਰ ਸਕਦਾ ਸੀ ਜਿਨ੍ਹਾਂ ਦੀ ਮਨਜ਼ੂਰੀ ਬ੍ਰਿਟਿਸ਼ ਸਾਮਰਾਜ ਨੇ ਦਿੱਤੀ ਹੋਈ ਹੋਵੇ ਤੇ ਸਾਮਰਾਜ ਦੇ ਹੱਕ ਵਿਚ ਜਾਂਦੇ ਹੋਣ।

ਲਿਬਰਲਾਂ ਦੀ ਪੇਸ਼ ਕੀਤੀ ਇਹ ਕਹਾਣੀ ਜਾਣਬੁਝ ਕੇ 1914 ਦੇ ਅਸਲੀ ਹਾਲਾਤ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਕਿ ਜੋ ਕੁਝ ਅੱਜ ਹੋ ਰਿਹਾ ਹੈ ਉਸ ਤੋਂ ਮੁਨਕਰ ਹੋਇਆ ਜਾ ਸਕੇ। ਖ਼ਾਸ ਕਰ ਕਨੇਡਾ ਦੀ ਸਟੇਟ ਜਿਸ ਨਿਰਦਈ ਤਰੀਕੇ ਨਾਲ ਅੱਜ ਵੀ ਆਵਾਸੀਆਂ ਨਾਲ ਬਦਸਲੂਕੀ ਕਰਦੀ ਹੈ, ਲੋਕਾਂ ਦੇ ਜ਼ਮੀਰ ਦੇ ਹੱਕ ਨੂੰ ਲਿਤਾੜਦੀ ਹੈ, ਦੂਸਰੇ ਮੁਲਕਾਂ ਦੇ ਲੋਕਾਂ ਦੇ ਹੱਕਾਂ ਦੀ ਨਿਰਾਦਰੀ ਕਰਦੀ ਹੈ ਤੇ ਜੋ ਇਹਦੇ ਖ਼ਿਲਾਫ਼ ਗੱਲ ਕਰਦੇ ਹਨ ਉਨ੍ਹਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ।

ਪੰਜਾਬੀ ਪਿਛੋਕੜ ਦੇ ਆਪਣੇ ਡਿਫੈਂਸ ਮਨਿਸਟਰ ਹਰਜੀਤ ਸਿੰਘ ਸੱਜਨ ਦੀ ਗੱਲ ਕਰਦਿਆਂ, ਜਿਹਨੂੰ ਉਹ ਇਕ ਸਿੱਖ ਦੇ ਤੌਰ ਤੇ ਬਿਆਨਦਾ ਹੈ ਤੇ ਕਹਿੰਦਾ ਹੈ ਕਿ ਸੌ ਸਾਲ ਪਹਿਲਾਂ “ਸ਼ਾਇਦ ਉਹਦੇ ਵਡੇਰੇ ਵੀ ਕੈਨੇਡਾ ਤੋਂ ਵਾਪਸ ਮੋੜ ਦਿੱਤੇ ਗਏ ਹੁੰਦੇ।” ਆਪਣੀ ਮੁਆਫ਼ੀਨਾਮੇ ਵਿਚ ਟਰੂਡੋ ਦੱਸਦਾ ਹੈ ਕਿ ਕੈਨੇਡੀਅਨ ਫੌਜ ਦੀ ਜਿਸ ਰਜਮੈਂਟ ਵਿਚ ਸੱਜਨ ਨੇ ਨੌਕਰੀ ਕੀਤੀ ਸੀ ਭਾਵ ਬ੍ਰਿਟਿਸ਼ ਕੋਲੰਬੀਆ ਰਜਮੈਂਟ (ਡਿਊਕ ਆਫ਼ ਕਨਾਟ ਦੀ ਰਜਮੈਂਟ) ਉਸਦੇ ਜੁੰਮੇ ਹੀ ਕਾਮਾਗਾਟਾ ਮਾਰੂ ਜਹਾਜ਼ ਨੂੰ ਵਾਪਸ ਭੇਜਣ ਦੀ ਜ਼ੰਮੇਵਾਰੀ ਵੀ ਲਾਈ ਗਈ ਸੀ। ਤੇ ਕੀ ਹੁਣ ਇਹ ਰਜਮੈਂਟ ਏਦਾਂ ਦੇ ਕੰਮ ਬਿਲਕੁਲ ਨਹੀਂ ਕਰਦੀ? ਉਹਨੇ ਇਹ ਨਹੀਂ ਦੱਸਿਆ ਕਿ ਅੱਜ ਕੱਲ ਇਹ ਰਜਮੈਂਟ ਕੀ ਕਰਦੀ ਹੈ। ਲਾਜ਼ਮ ਹੈ ਕਿ ਇਸ ਰਜਮੈਂਟ ਦਾ ਮਿਸ਼ਨ ਅੱਜ ਵੀ ਉਹੀ ਹੈ ਜੋ 1914 ਵਿਚ ਸੀ। ਇਸੇ ਰਜਮੈਂਟ ਦੇ ਫੌਜੀ 2002 ਵਿਚ ਅਫ਼ਗਾਨਿਸਤਾਨ ਵਿਚ ਅਮਰੀਕੀ ਸਾਮਰਾਜ ਦੇ ਹਿਤ ਮਹਿਫੂਜ਼ ਕਰਨ ਲਈ ਭੇਜੇ ਗਏ ਸਨ। ਹਰਜੀਤ ਸੱਜਨ ਨੂੰ “ਬਹੁਤ ਵਧੀਆ ਜਾਸੂਸ” ਹੋਣ ਦਾ ਮਾਣ ਵੀ ਦਿਤਾ ਗਿਆ ਸੀ ਤੇ 2010 ਵਿਚ ਯੂ ਐਸ ਮੇਜਰ ਜਨਰਲ ਜੇਮਜ਼ ਟੈਰੀ ਨੇ ਇਸ ਨੂੰ ਆਪਣਾ ਖ਼ਾਸ ਨਾਇਬ ਬਣਾ ਕੇ ਅਮਰੀਕੀ ਕਮਾਂਡ ਟੀਮ ਵਿਚ ਸ਼ਾਮਲ ਕੀਤਾ ਸੀ। ਇਹੋ ਜਿਹੀ ਸਾਖ ਨੂੰ ਇਕ ਜਮਹੂਰੀ ਸਾਖ ਨਹੀਂ ਕਿਹਾ ਜਾ ਸਕਦਾ। ਪਰ ਟਰੂਡੋ ਦੀ ਜੁਮਲੇਬਾਜ਼ੀ ਉਸ ਨੂੰ ਇਕ ਜਮਹੂਰੀ ਸਾਖ ਵਾਲੀ ਸ਼ਖ਼ਸੀਅਤ ਦੇ ਤੌਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ।

ਇਸ ਤਰ੍ਹਾਂ ਦੀ ਗੱਲਬਾਤ ਦਾ ਮਕਸਦ ਟਰੂਡੋ ਦੀ ਲਿਬਰਲ ਸਰਕਾਰ ਦੇ ਅਜੰਡੇ ਨੂੰ ਅੱਗੇ ਵਧਾਉਣਾ ਹੈ ਜੋ ਅੱਜ ਵੀ ਉਂਜ ਹੀ ਨਸਲਪ੍ਰਸਤੀ ਤੇ ਸਾਮਰਾਜ-ਸਾਜ਼ੀ ਵਾਲਾ ਹੈ ਜਿਵੇਂ ਪਹਿਲੀਆਂ ਵਿਚ ਸੀ। ਉਸ ਵੇਲੇ ਇਹ ਬ੍ਰਤਾਨਵੀ ਸਾਮਰਾਜ ਦੇ ਹਿੱਤਾਂ ਦਾ ਪਾਲਕ ਸੀ ਤੇ ਐਸ ਵੇਲੇ ਅਮਰੀਕੀ ਸਾਮਰਾਜ ਤੇ ਗਲੋਬਲ ਅਜਾਰੇਦਾਰਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਹੈ।

ਕਾਮਾਗਾਟਾ ਮਾਰੂ ਹਾਦਸੇ ਵੇਲੇ ਸਾਮਰਾਜੀ ਤਾਕਤਾਂ ਆਪਣਾ ਮੰਤਵ ਹਾਸਲ ਕਰਨ ਲਈ ਬੜੀਆਂ ‘ਉਚੀਆਂ ਗੱਲਾਂ’ ਕਰਦੇ ਹੋਏ”ਕਨੇਡਾ ਸਫੈਦ ਰੱਖੋ”ਦਾ ਨਾਅਰਾ ਲਾਉਂਦੀਆਂ ਸਨ ਤੇ ਹਿੰਦੁਸਤਾਨ ਦੇ ਲੋਕਾਂ ਨੂੰ ਗੁਲਾਮ ਬਣਾਈ ਰੱਖਣ ਲਈ ਬ੍ਰਤਾਨਵੀ ਸਾਮਰਾਜ ਨੂੰ ਇਕ”ਸਭਿਅਕ”ਸਰਕਾਰ ਦੇ ਤੌਰ ਤੇ ਪੇਸ਼ ਕਰਦੀਆਂ ਸਨ। ਐਸ ਵੇਲੇ ਦੀਆਂ ਇਨ੍ਹਾਂ ਦੀਆਂ “ਉਚੀਆਂ ਗੱਲਾਂ” ਕੀ ਹਨ?  ”ਵਖ਼ਰੇਵੇਂ ਦੀ ਤਾਕਤ” “ਔਰਤਾਂ ਦੀ ਹਿਫ਼ਾਜ਼ਤ” “ਅਮਨ” ਤੇ “ਆਜ਼ਾਦੀ” ਆਦਿ। ਲੇਕਿਨ ਇਨ੍ਹਾਂ ਜੁਮਲਿਆਂ ਦਾ ਮਕਸਦ ਅੱਜ ਵੀ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾਂ ਤੇ ਆਪਣਾ ਉਲੂ ਸਿੱਧਾ ਕਰਨਾ ਹੀ ਹੈ।

ਕਾਮਾਗਾਟਾ ਮਾਰੂ ਹਾਦਸੇ ਬਾਰੇ ਮੁਆਫ਼ੀਨਾਮਾ ਇਸ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਲੱਗੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਐਸੇ “ਕਾਲੇ ਪਲ” ਹਨ ਜੋ ਕਦੇ ਕਦੇ ਤਾਂ ਵਾਪਰ ਜਾਂਦੇ ਹਨ ਪਰ ਆਮ ਤੌਰ ਤੇ ਸਭ ਕੁਝ ਠੀਕ ਠਾਕ ਰਹਿੰਦਾ ਹੈ। ਇਸ ਤਰ੍ਹਾਂ ਦੇ “ਕਾਲੇ ਪਲਾਂ” ਵਿਚ “ਵੱਖਰੇ ਲਗਦੇ” ਲੋਕਾਂ ਨਾਲ ਜ਼ਰਾ ਵਧੀਕੀਆਂ ਹੋ ਗਈਆਂ ਹੋਣੀਆਂ ਨੇ ਵਰਨਾਂ ਹੁਣ ਸਭ ਠੀਕ ਠਾਕ ਹੈ ਤੇ ਐਸ ਵੇਲੇ “ਵਖਰੇਵੇਂ ਵਿਚ ਤਾਕਤ” ਹੈ। ਗੱਲ ਬੱਸ ਏਨੀ ਹੀ ਹੈ ਹੋਰ ਕੁਝ ਨਹੀਂ।

ਇਹ ਕਹਾਣੀ ਮੁਨਕਰ ਹੈ ਇਸ ਹਕੀਕਤ ਤੋਂ ਕਿ ਮਜ਼ਦੂਰ ਜਮਾਤ ਇੱਕ ਹੈ। ਇਸ ਵਿਚ ਹਰ ਪਿਛੋਕੜ ਦੇ ਲੋਕ ਸ਼ਾਮਲ ਹਨ, ਜੋ ਬੜੇ ਚਿਰਾਂ ਤੋਂ ਜਦੋਜਹਿਦ ਕਰਦੇ ਆ ਰਹੇ ਹਨ। ਟਰੂਡੋ ਵਲੋਂ ਆਪਣੇ ਆਪ ਨੂੰ ਉਨ੍ਹਾਂ ਦਾ ਹਿਤੇਸ਼ੀ ਪੇਸ਼ ਕਰਨਾ ਜਿਨ੍ਹਾਂ ਨੂੰ ਉਹ ਸਿੱਖ ਕਹਿੰਦਾ ਹੈ ਇਕ ਐਸੀ ਕੋਸ਼ਿਸ਼ ਹੈ ਇਹ ਕਹਿਣ ਦੀ ਕਿ ਜੋ ਉਸਦੀਆਂ “ਮਾਡਰਨ” ਕਦਰਾਂ ਕੀਮਤਾਂ ਦੀ ਹਾਮੀ ਭਰਦੇ ਹਨ ਇਹ ਉਨ੍ਹਾਂ ਦੇ ਜਮਹੂਰੀ ਹੋਣ ਦਾ ਪ੍ਰਮਾਣ ਹੈ ਅਤੇ ਉਨ੍ਹਾਂ ਨੂੰ ਨਾਗਰਿਕਤਾ, ਪ੍ਰਮੋਸ਼ਨ ਤੇ ਸਿਆਸੀ ਰਿਆਇਤਾਂ ਮਿਲਣਗੀਆਂ। ਉਹ ਆਮ ਤੌਰ ਤੇ ਹੀ ਇਹ ਗਲਤੀ ਕਰ ਜਾਂਦਾ ਹੈ ਕਿ ਪੰਜਾਬੀ ਪਿਛੋਕੜ ਦੇ ਸਾਰੇ ਹਿੰਦੁਸਤਾਨੀਆਂ ਨੂੰ ਸਿੱਖ ਸਮਝਦਾ ਹੈ ਹਾਲਾਂਕਿ ਪੰਜਾਬੀ ਸਿੱਖ ਵੀ ਹਨ, ਹਿੰਦੂ ਵੀ ਹਨ, ਮੁਸਲਮਾਨ ਵੀ ਹਨ, ਅਤੇ ਐਸੇ ਪੰਜਾਬੀ ਵੀ ਬਥੇਰੇ ਹਨ ਜੋ ਕਿਸੇ ਵੀ ਧਰਮ ਦੇ ਪੈਰੋਕਾਰ ਨਹੀਂ।

ਸਰਕਾਰ ਦੀਆਂ ਗੱਲਾਂ ਵੀ ਸਾਬਕਾ ਪ੍ਰਧਾਨ ਮੰਤਰੀ ਪਾਲ ਮਾਰਟਨ ਦੀ ਉਸ ਗੱਲ ਵਰਗੀਆਂ ਹਨ ਜੋ ਉਹਨੇ ਆਦਿਵਾਸੀ ਲੋਕਾਂ ਨੂੰ ਦਰਪੇਸ਼ ਹਾਲਾਤ ਬਾਰੇ ਕਹੀ ਸੀ, “ਮੇਰਾ ਨਹੀਂ ਖਿਆਲ ਕਿ ਕਨੇਡੀਅਨ ਨਸਲਵਾਦੀ ਹਨ। ਲੇਕਿਨ ਸਾਰਾ ਮਾਮਲਾ ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ ਬਹੁਤੇ ਕਨੇਡੀਅਨਾ ਨੂੰ ਤਾਂ ਦਿਸਦਾ ਹੀ ਨਹੀਂ।” ਮਾਰਟਿਨ ਦੇ ਕਹਿਣ ਅਨੁਸਾਰ ਆਦਿਵਾਸੀ ਲੋਕਾਂ ਦੀਆਂ ਤਕਲੀਫ਼ਾਂ ਦਾ ਕਾਰਨ ਇਹ ਕਿ ਬਹੁਤੇ ਕੈਨੇਡੀਅਨਾਂ ਨੂੰ ਇਹ ਮਸਲਾ ਨਜ਼ਰ ਹੀ ਨਹੀਂ ਆਉਂਦਾ ਇਹ ਨਹੀਂ ਕਿ ਕੈਨੇਡੀਅਨ ਸਟੇਟ ਆਦਿਵਾਸੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਮਹਿਰੂਮ ਕਰਦੀ, ਇਹਦੇ ਖ਼ਿਲਾਫ਼ ਹਰ ਭਾਂਤ ਦੇ ਕੈਨੇਡੀਅਨ ਲੋਕ ਜਦੋਜਹਿਦ ਕਰ ਰਹੇ ਹਨ ਕਿ ਸਾਰਿਆਂ ਨੂੰ ਉਨ੍ਹਾਂ ਦੇ ਹੱਕ ਮਿਲਣ।

ਇਹ ਦੱਸਣ ਦੀ ਬੜੀ ਲੋੜ ਹੈ ਕਿ 20 ਸਦੀ ਦੇ ਸ਼ੁਰੂ ਵਿਚ ਕਾਮਾਗਾਟਾ ਮਾਰੂ ਹਾਦਸਾ ਹਿੰਦੁਸਤਾਨੀ ਲੋਕਾਂ ਸਾਹਮਣੇ ਕੋਈ ਇਕੋ ਇਕ ਮਸਲਾ ਨਹੀਂ ਸੀ ਕਿ ਹਿੰਦੁਸਤਾਨੀ ਆਵਾਸੀਆਂ ਨੂੰ ਕਨੇਡਾ ਵਿਚ ਦਾਖ਼ਲਾ ਨਹੀਂ ਦਿੱਤਾ ਗਿਆ। ਇਹ ਉਹ ਵੇਲਾ ਸੀ ਜਦ ਹਿੰਦੁਸਤਾਨ ਭਰ ਵਿਚ ਲੋਕ ਬ੍ਰਤਾਨਵੀ ਬਸਤੀਵਾਦ ਦੇ ਜਾਬਰ ਰਾਜ ਤੋਂ ਖਹਿੜਾ ਛੁਡਾਉਣ ਲਈ ਸੰਘਰਸ਼ ਕਰ ਰਹੇ ਸਨ। ਉਸ ਵੇਲੇ ਕਨੇਡਾ ਨੇ ਬ੍ਰਤਾਨਵੀ ਜਸੂਸੀ ਅਜੰਸੀਆਂ ਦਾ ਪੂਰਾ ਸਾਥ ਦੇ ਕੇ ਹਿੰਦੁਸਤਾਨੀ ਦੇਸ਼ ਭਗਤਾਂ ਨੂੰ ਜੇਲ਼੍ਹਾਂ ਅਤੇ ਫ਼ਾਂਸੀ ਦੇ ਤਖਤਿਆਂ ਤੇ ਪਹੁੰਚਾਉਣ ਵਿਚ ਡੱਟ ਕੇ ਹਿਸਾ ਪਾਇਆ ਸੀ।

ਵੈਨਕੂਵਰ ਦੇ ਲੋਕ ਵੀ ਆਪਣੇ ਸੂਬੇ ਦੇ ਬ੍ਰਤਾਨਵੀ ਸ਼ਾਸਕਾਂ ਦੀਆਂ ਨਸਲਵਾਦੀ ਅਤੇ ਮਜ਼ਦੂਰ-ਵਿਰੋਧੀ ਹਰਕਤਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਜਦੋਜਹਿਦ ਕਰ ਰਹੇ ਸਨ। ਸਟੇਟ ਵਲੋਂ ਜਥੇਬੰਦ ਕੀਤੀ ਜਾ ਰਹੀ ਹਿੰਸਾ ਸਿਰਫ਼ ਹਿੰਦੁਸਤਾਨੀਆਂ ਦੇ ਹੀ ਖ਼ਿਲਾਫ਼ ਨਹੀਂ ਸੀ ਬਲਕਿ ਚੀਨੀ ਤੇ ਜਪਾਨੀ ਮੂਲ ਦੇ ਲੋਕਾਂ ਦੇ ਵੀ ਖ਼ਿਲਾਫ਼ ਅਤੇ ਕਨੇਡਾ ਦੇ ਆਦਿਵਾਸੀਆਂ ਦੇ ਖ਼ਿਲਾਫ਼ ਵੀ ਸੀ ਜਿਨ੍ਹਾਂ ਨੂੰ ਬੰਦੇ ਵੀ ਨਹੀਂ ਸੀ ਸਮਝਿਆ ਜਾਂਦਾ ਤੇ ਜਿਨ੍ਹਾਂ ਨੂੰ ਜੜ੍ਹੋਂ ਖ਼ਤਮ ਕਰ ਦੇਣਾ ਵੀ ਇਹ”ਠੀਕ”ਹੀ ਗਿਣਦੇ ਸਨ।

ਸਟੇਟ ਵਲੋਂ ਜਥੇਬੰਦ ਕੀਤੇ ਜਾਂਦੇ ਇਸ ਨਸਲਵਾਦ ਦੇ ਖ਼ਿਲਾਫ਼ ਲੜਾਈ ਵੀਹਵੀਂ ਸਦੀ ਦੌਰਾਨ ਵੀ ਚਲਦੀ ਰਹੀ ਅਤੇ ਇਸਨੇ ਕੈਨੇਡਾ ਦੀ ਡੀਵੈਲਪਮੈਂਟ ਨੂੰ ਪ੍ਰਭਾਵਤ ਕੀਤਾ। ਦੂਜੀ ਸੰਸਾਰ ਜੰਗ ਦੌਰਾਨ ਜਪਾਨੀਆਂ ਨੂੰ ਨਜ਼ਰਬੰਦ ਕਰਨ ਖ਼ਿਲਾਫ਼ ਜਦੋਜਹਿਦ ਅਤੇ 1960 ਤੇ 70 ਦੇ ਦਹਾਕੇ ਵਿਚ ਨਸਲਵਾਦੀ ਇੰਡੀਅਨ ਐਕਟ ਅਤੇ ਇਮੀਗਰੇਸ਼ਨ ਉਤੇ ਲਿਬਰਲਾਂ ਦੇ ਗਰੀਨ ਪੇਪਰ ਖ਼ਿਲਾਫ਼ ਸੰਘਰਸ਼ ਵੀ ਇਹਦੇ ਵਿਚ ਸ਼ਾਮਲ ਹੈ। ਇਹ ਲੜਾਈ ਸਟੇਟ ਦੀ ਸ਼ਹਿ ਪ੍ਰਾਪਤ ਗੋਰੇ ਸੁਪਰਮਿਸਟ ਗਰੁਪਾਂ ਵਲੋਂ “ਕੈਨੇਡਾ ਸਫੈਦ ਰੱਖਣ” ਦੀਆਂ ਕੋਸ਼ਿਸ਼ਾਂ ਦੇ ਖ਼ਿਲਾਫ਼ ਸੀ ਤੇ “ਯੂਰਪੀਅਨਾਂ ਕਦਰਾਂ ਕੀਮਤਾਂ” ਤੇ ਕਲਚਰ ਨੂੰ ਉਤਮ ਸਮਝਣ ਤੇ ਬਾਕੀਆਂ ਦੇ ਕਲਚਰਾਂ ਤੇ ਕਦਰਾਂ ਕੀਮਤਾਂ ਨੂੰ “ਬਰਦਾਸ਼ਤ” ਕਰਨ ਦੀ ਨਸੀਹਤ ਦੇ ਵੀ ਖ਼ਿਲਾਫ਼ ਸੀ। ਇਹ ਲਿਬਰਲਾਂ ਦੀ ਸਰਕਾਰ ਹੀ ਸੀ ਜਿਹਨੇ ਨਸਲਵਾਦੀ ਇਮੀਗਰੇਸ਼ਨ ਐਕਟ ਬਣਾਇਆ ਜਿਸ ਤਹਿਤ ਕਨੇਡੀਅਨਾ ਨੂੰ ਨਸਲਾਂ ਅਤੇ ਵਧੀਆ ਘਟੀਆ ਕਦਰਾਂ ਕੀਮਤਾਂ ਦੇ ਅਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਤਰ੍ਹਾਂ ਦੀ ਪਹੁੰਚ ਨੂੰ ਸਰਕਾਰੀ ਨੀਤੀ ਦਾ ਹਿੱਸਾ ਬਣਾਇਆ ਗਿਆ। “ਇੰਗਲਿਸ਼” ਤੇ “ਫਰਾਂਸੀਸੀ” ਲੋਕਾਂ ਨੂੰ ਇਕ ਖ਼ਾਸ ਰੁਤਬਾ ਦਿੱਤਾ ਗਿਆ ਤੇ ਉਨ੍ਹਾਂ ਦੇ “ਨਸਲੀ ਮੂਲ” ਨੂੰ ਮਾਨਤਾ ਦਿਤੀ ਗਈ। ਇਨ੍ਹਾਂ ਕਲਚਰਾਂ ਨੂੰ ਉਤਮ ਦਰਜਾ ਦੇਣ ਦੇ ਨਾਲ ਨਾਲ ਬਾਕੀ ਸਾਰਿਆਂ ਨੂੰ ਇਨ੍ਹਾਂ ਕਲਚਰਾਂ ਵਿਚ ਵਿਲੀਨ ਹੋਣ ਦੀ ਨਸੀਹਤ ਦਿਤੀ ਗਈ ਤਾਂਕਿ ਸਾਬਤ ਕਰ ਸਕਣ ਕਿ ਉਹ ਵੀ “ਸਾਂਝੀਆਂ ਕਦਰਾਂ ਕੀਮਤਾਂ”ਪ੍ਰਤੀ ਵਫਾਦਾਰ ਹਨ। ਇਸ ਤਰ੍ਹਾਂ ਦਾ ਵਰਗੀਕਰਨ ਕਿਊਬੈਕ ਦੀ ਨੇਸ਼ਨ ਦੀ ਹੋਂਦ ਤੋਂ ਹੀ ਮੁਨਕਰ ਹੈ। ਬਾਕੀ “ਵਰਗਾਂ” ਨੂੰ “ਰੰਗਦਾਰ ਲੋਕ” ਜਾਂ “ਦਿਸਦੀਆਂ ਘਟ ਗਿਣਤੀਆਂ” ਦੇ ਨਾਮ ਦੇ ਦਿੱਤੇ ਗਏ ਜਿਵੇਂ ਕਿ ਉਨ੍ਹਾਂ ਦਾ ਕੋਈ ਕੌਮੀ ਜਾਂ ਨਸਲੀ ਪਿਛੋਕੜ ਹੈ ਹੀ ਨਹੀਂ। ਸਾਰੇ ਆਦਿਵਾਸੀ ਲੋਕਾਂ ਨੂੰ “ਆਬਰੀਜਨਲ” ਜਾਂ “ਇੰਡੀਅਨ” ਦੇ ਲੇਬਲ ਥੱਲੇ ਇਕੋ ਰੱਸੇ ਬੰਨ ਦਿੱਤਾ ਗਿਆ ਹਾਲਾਂਕਿ ਉਨ੍ਹਾਂ ਵਿਚ ਕਈ ਵਖ਼ਰੀਆਂ ਕੌਮਾਂ ਹਨ, ਵਖ਼ਰੇ ਰਿਵਾਜ ਹਨ, ਕਾਇਦੇ ਕਾਨੂੰਨ ਹਨ, ਆਰਥਕਤਾ ਹੈ, ਬੋਲੀਆਂ ਹਨ, ਕਲਚਰ ਹਨ। ਪਿਛਲੇ ਤਿੰਨ ਸੌ ਸਾਲਾਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੂੰ ਕੋਈ ਮਾਣਤਾ ਨਹੀਂ ਦਿੱਤੀ ਗਈ।

ਟਰੂਡੋ ਨੇ ਕਾਮਾਗਾਟਾ ਮਾਰੂ ਘਟਨਾ ਬਾਰੇ ਮਾਫ਼ੀ ਮੰਗਦਿਆਂ ਇਹ ਨਹੀਂ ਮੰਨਿਆਂ ਕਿ 1970 ਦੇ ਦਹਾਕੇ ਵਿਚ ਵੀ ਬ੍ਰਿਟਸ਼ ਕੌਲੰਬੀਆ ਦੇ ਪ੍ਰਾਂਤ ਵਿਚ ਸਟੇਟ ਦੀ ਸ਼ਹਿ ਨਾਲ ਹਿੰਦੁਸਤਾਨੀ ਕਮਿਉਨਿਟੀ ਦੇ ਲੋਕਾਂ ਉਤੇ ਨਸਲਵਾਦੀ ਹਮਲੇ ਕੀਤੇ ਜਾਂਦੇ ਰਹੇ ਸਨ। ਉਸ ਵੇਲੇ ਸਟੇਟ ਨੇ ਆਪ ਗੋਰੇ ਸੁਪਰਮਿਸਟ ਗਰੁਪਾਂ ਨੂੰ ਹਿੰਦੁਸਤਾਨੀਆਂ ਉਤੇ ਹਮਲੇ ਕਰਨ ਲਈ ਜਥੇਬੰਦ ਕੀਤਾ ਅਤੇ ਲੱਕੜ ਦੀ ਸਨਅਤ ਵਿਚ ਹਿੰਦੁਸਤਾਨੀਆਂ ਨੂੰ ਸਥਾਨਕ ਦੇਸੀ ਲੋਕਾਂ ਦੇ ਖ਼ਿਲਾਫ਼ ਖੜ੍ਹੇ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਤਾਂਕਿ ਲੋਕਾਂ ਵਿਚ ਨਸਲੀ ਤੌਰ ਤੇ ਫੁਟ ਪਵੇ। ਲੋਕਾਂ ਦੀ ਆਪਣੇ ਹੱਕਾਂ ਲਈ ਜਦੋਜਹਿਦ ਨੂੰ ਨੁਕਸਾਨ ਪਹੁੰਚਾਉਣ ਲਈ ਸਰਕਾਰ ਵਲੋਂ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਹਰਕਤਾਂ ਕੀਤੀਆਂ ਗਈਆਂ।

ਇਨ੍ਹਾਂ ਚੀਜ਼ਾ ਦੇ ਖਿਲਾਫ਼ ਉਸ ਵੇਲੇ ਈਸਟ ਇੰਡੀਅਨ ਡੀਫ਼ੈਂਸ ਕਮੇਟੀ/ ਪੀਪਲਜ਼ ਫਰੰਟ (ਈ ਆਈ ਡੀ ਸੀ/ਪੀ ਐਫ਼) ਦੀ ਸਥਾਪਨਾ ਕੀਤੀ ਗਈ। ਹਰਦਿਆਲ ਬੈਂਸ ਤੇ ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਦੀ ਅਗਵਾਈ ਹੇਠ ਬਣੀ ਇਸ ਜਥੇਬੰਦੀ ਦਾ ਮੰਤਵ ਲੋਕਾਂ ਨੂੰ ਇਕਮੁੱਠ ਕਰਨਾ ਤੇ ਲੋਕਾਂ ਦੇ ਹੱਕਾਂ ਦੀ ਹਿਫ਼ਾਜ਼ਤ ਲਈ ਲੜਾਈ ਤੇਜ਼ ਕਰਨਾ ਸੀ ਤੇ ਨਸਲਵਾਦੀ ਹਮਲਿਆਂ ਦੇ ਖ਼ਿਲਾਫ਼ ਲਾਮਬੰਦ ਹੋਣਾ ਸੀ।

ਕਨੇਡੀਅਨ ਸਟੇਟ ਤੇ ਹਿੰਦੁਸਤਾਨ ਸਟੇਟ ਨੇ ਰਲਕੇ, 1980 ਵਿਆਂ ਵਿਚ ਪੰਜਾਬ ਦੇ ਲੋਕਾਂ ਅਤੇ ਨੌਜੁਆਨਾਂ ਉਤੇ ਅੰਤਾਂ ਦਾ ਜਬਰ ਢਾਇਆ। ਇਹ ਕਹਿਕੇ ਕਿ ਇਹ ਲੋਕ ਸਿੱਖ ਮੂਲਵਾਦੀ ਤੇ ਦਹਿਸ਼ਤਵਾਦੀ ਹਨ ਉਨ੍ਹਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਿਆ ਗਿਆ, ਫੜ ਫੜ ਕੇ ਜੇਲਾਂ ਵਿਚ ਬੰਦ ਕਰ ਦਿਤਾ ਗਿਆ ਅਤੇ 1984 ਵਿਚ ਇੰਦਰਾ ਗਾਂਧੀ ਨੇ ਅਪਰੇਸ਼ਨ ਬਲੂ ਸਟਾਰ ਹੇਠ ਗੋਲਡਨ ਟੈਂਪਲ ਉਤੇ ਫੌਜਾਂ ਚਾੜ੍ਹ ਕੇ ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ। ਫੇਰ 1984 ਵਿਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿਚ 182 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਹਦੇ ਵਿਚ ਜਸੂਸੀ ਏਜੰਸੀਆਂ ਦਾ ਹੱਥ ਹੋਣ ਦੇ ਸੰਕੇਤ ਮਿਲਦੇ ਹਨ।

ਕੈਨੇਡਾ ਦੀ ਕਮਿਉਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੀ ਇਹ ਰਾਏ ਹੈ ਕਿ ਟਰੂਡੋ ਦੀ ਕੈਬਨਿਟ ਵਿਚ ਸ਼ਾਮਲ ਵਿਅਕਤੀ ਜਿਨ੍ਹਾਂ ਨੂੰ ਉਹ “ਸਿੱਖ” ਕਹਿਕੇ ਸੱਦਦਾ ਹੈ, ਇਕ ਤਰ੍ਹਾਂ ਨਾਲ ਇਹ ਯਕੀਨੀ ਬਣਾਉਣ ਲਈ ਹੈ ਕਿ ਕਨੇਡੀਅਨ ਸਟੇਟ ਵਲੋਂ ਲੋਕਾਂ ਖਿਲਾਫ਼ ਬੀਤੇ ਵਿਚ ਤੇ ਵਰਤਮਾਨ ਵਿਚ ਕੀਤੇ ਗਏ ਜੁਰਮਾਂ ਦੀ ਅਸਲੀਅਤ ਤੇ ਪਰਦਾ ਪਿਆ ਰਹੇ। ਸਾਰੇ ਕੈਬਨਿਟ ਮਨਿਸਟਰ ਇੰਗਲੈਂਡ ਦੀ ਰਾਣੀ ਦੀ ਵਫ਼ਾਦਾਰੀ ਲਈ ਸਹੁੰ ਚੁਕਦੇ ਹਨ ਤੇ ਹਲਫ਼ ਲੈਂਦੇ ਹਨ ਕਿ “ਕੌਂਸਲ ਅੰਦਰ ਹੁੰਦੀਆਂ ਸਾਰੀਆਂ ਗੁਪਤ ਗੱਲਾਂ ਨੂੰ ਗੁਪਤ ਹੀ ਰੱਖਣਗੇ।”

ਕਾਮਾਗਾਟਾ ਮਾਰੂ ਘਟਨਾਂ ਵਰਗੇ ਜੁਰਮ ਕਰਨ ਵਾਲੀ ਸਟੇਟ ਨੂੰ ਬਰਕਰਾਰ ਰੱਖਣਾ ਹੀ ਸਰਕਾਰ ਦੀ ਨੀਤੀ ਦਾ ਅਸਲ ਮਕਸਦ ਹੈ ਸੋ ਲੋਕਾਂ ਦੇ ਖ਼ਿਲਾਫ਼ ਜੁਰਮ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਜਾਰੀ ਹੀ ਰਹਿਣਗੇ। ਸ਼ਾਹੀ ਅਖਤਿਆਰ (ਪ੍ਰੈਰੋਗੇਟਿਵ ਪਾਵਰ) ਜੋ ਲੋਕਾਂ ਦੇ ਹੱਕਾਂ ਦਾ ਫੈਸਲਾ ਕਰਦਾ ਹੈ ਕਿ ਕਿਸ ਨੂੰ ਹੱਕ ਦੇਣੇ ਹਨ ਤੇ ਕਿਸ ਨੂੰ ਨਹੀਂ ਜਾਂ ਕਿਹੜੇ ਤੇ ਕਿੰਨੇ ਹੱਕ ਦੇਣੇ ਹਨ, ਇਸ ਸ਼ਾਹੀ ਅਖਤਿਆਰ ਨੇ ਹੀ ਲੋਕਾਂ ਖ਼ਿਲਾਫ ਸਟੇਟ ਦੇ ਜਥੇਬੰਦ ਕੀਤੇ ਜਾਂਦੇ ਹਮਲਿਆਂ ਨੂੰ ਇਜਾਜ਼ਤ ਦਿੱਤੀ ਹੈ ਤੇ ਕੈਨੇਡਾ ਦਾ ਇਤਹਾਸ ਇਹਦਾ ਗਵਾਹ ਹੈ। ਇਹ ਸ਼ਾਹੀ ਅਖ਼ਤਿਆਰ ਅੱਜ ਵੀ ਜਿਉਂ ਦਾ ਤਿਉਂ ਮੌਜੂਦ ਹੈ ਖ਼ਤਮ ਨਹੀਂ ਕੀਤਾ ਗਿਆ। ਬਲਕਿ ਅੱਜ ਦੀ ਨਿਉ-ਲਿਬਰਲ ਸਾਮਰਾਜਸਾਜ਼ੀ ਦੇ ਗਲੋਬਲ ਨਿਜ਼ਾਮ ਵਿਚ ਹੋਰ ਵੀ ਤਾਕਤਵਰ ਬਣਾਇਆ ਗਿਆ ਹੈ। ਲਿਬਰਲਾਂ ਦਾ ਮੁਆਫ਼ੀਨਾਮਾ ਇਸ ਹਕੀਕਤ ਤੋਂ ਧਿਆਨ ਪਰੇ ਕਰਨ ਲਈ ਹੈ, ਲੋਕਾਂ ਦੀ ਹੱਕਾਂ ਦੀ ਜਦੋਜਹਿਦ ਨੂੰ ਕਮਜ਼ੋਰ ਕਰਨ ਲਈ ਹੈ, ਲੋਕਾਂ ਦੀ ਜਥੇਬੰਦੀ ਨੂੰ ਕਮਜ਼ੋਰ ਕਰਨ ਲਈ ਹੈ।

ਕਨੇਡਾ ਦੀ ਕਮਿਉਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੀ ਰਾਏ ਸਾਫ਼ ਤੌਰ ਤੇ ਉਨ੍ਹਾਂ ਨਾਲੋਂ ਵੱਖਰੀ ਹੈ ਜੋ ਕਹਿੰਦੇ ਹਨ ਕਿ ਇਹ ਮੁਆਫੀਨਾਮਾ ਇਕ “ਚੰਗੀ ਸ਼ੁਰੂਆਤ” ਹੈ। ਇਸ ਦੇ ਉਲਟ ਅੱਜ ਦੇ ਹਾਲਾਤਾਂ ਦੀ ਹਕੀਕਤ ਅਤੇ ਆਵਾਸੀਆਂ ਦੇ ਹੱਕਾਂ ਉਤੇ ਹੋ ਰਹੇ ਮੌਜੂਦਾ ਹਮਲੇ ਸਾਬਤ ਕਰਦੇ ਹਨ ਕਿ ਲਿਬਰਲਾਂ ਦੀ ਪਾਖੰਡਬਾਜ਼ੀ ਦਾ ਕੋਈ ਵੀ ਅੰਤ ਨਹੀਂ।

ਸੀ.ਪੀ.ਸੀ.(ਮ-ਲ) ਸਾਰੇ ਕੈਨੇਡੀਅਨਾ ਨੂੰ ਕਹਿੰਦੀ ਹੈ ਸਾਨੂੰ ਲਿਬਰਲਾਂ ਦੀ”ਵਖਰੇਵੇਂ ਦੀ ਤਾਕਤ”ਦੀ ਨੀਤੀ ਉਤੇ ਵਿਚਾਰ ਕਰਨੀ ਚਾਹੀਦੀ ਹੈ, ਇਸਦੀ ਪੁਰਾਣੀ “ਪਾੜੋ ਤੇ ਰਾਜ ਕਰੋ ਦੀ ਨੀਤੀ” ਵਿਚ ਨਵੀਂ ਰੂਹ ਫੂਕਣ ਦੀ ਕੋਸ਼ਿਸ਼ ਨੂੰ ਰੱਦ ਕਰਨਾ ਚਾਹੀਦਾ ਹੈ। ਕੈਨੇਡਾ ਨੂੰ ਇਕ ਮਾਡਰਨ ਨੇਸ਼ਨ ਬਣਾਉਣ ਦੇ ਪ੍ਰੋਜੈਕਟ ਨੂੰ ਸਾਕਾਰ ਕਰਨ ਲਈ ਲੋਕਾਂ ਨੂੰ ਇੱਕਮੁੱਠ ਕਰਨਾ ਵੇਲੇ ਦੀ ਲੋੜ ਹੈ। ਅਸੀਂ ਉਨ੍ਹਾਂ ਤੋਂ ਉਤਸ਼ਾਹ ਲੈਂਦੇ ਹਾਂ ਜੋ ਸਾਡੇ ਤੋਂ ਪਹਿਲਾਂ ਇਸ ਰਾਹ ਉਤੇ ਤੁਰਦੇ ਰਹੇ ਜਿਵੇਂ ਕਿ ਗ਼ਦਰੀ ਬਾਬੇ ਅਤੇ ਹੋਰ ਜੋ ਬ੍ਰਤਾਨਵੀ ਸਾਮਰਾਜ ਤੋਂ ਹਿੰਦ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਜਾਨਾਂ ਦੀ ਬਾਜ਼ੀ ਲਾ ਗਏ। ਸਾਨੂੰ ਉਤਸ਼ਾਹ ਦਿੰਦੇ ਹਨ ਉਹ ਲੋਕ ਜੋ ਸਾਡੇ ਤੋਂ ਪਹਿਲਾਂ 19ਵੀਂ ਤੇ ਵੀਹਵੀਂ ਸਦੀ ਦੌਰਾਨ ਮਾਨਵ ਜਾਤ ਦੀ ਮੁਕੰਮਲ ਮੁਕਤੀ ਲਈ ਅਥਾਹ ਕੁਰਬਾਨੀਆਂ ਦਿੰਦੇ ਰਹੇ ਹਨ, ਲੜਦੇ ਰਹੇ ਹਨ, ਤੇ ਐਸ ਵੇਲੇ ਵੀ ਲੜ ਰਹੇ ਹਨ।

ਟਿਪਣੀਆਂ:

1. ਇੰਮੀਗਰੇਸ਼ਨ ਦੇਣਾ ਬਰਤਾਨੀਆ ਦਾ ਅਖ਼ਤਿਆਰ ਸੀ ਤੇ 1 ਜਨਵਰੀ 1908 ਨੂੰ ਬ੍ਰਿਟਿਸ਼ ਗਵਰਨਰ ਜਨਰਲ ਨੇ ਕੌਂਸਲ ਵਿਚ ਇਹ ਹੁਕਮ ਪਾਸ ਕੀਤਾ ਕਿ “ਕਨੇਡਾ ਵਿਚ ਆਵਾਸੀਆਂ ਦੇ ਆਉਣ ਅਤੇ ਦਾਖ਼ਲ ਹੋਣ ਤੇ ਪਾਬੰਦੀ ਲਾਈ ਜਾ ਸਕਦੀ ਹੈ ਜੇ ਉਹ ਆਪਣੇ ਜਨਮ ਦੇ ਮੁਲਕ ਜਾਂ ਜਿਸ ਮੁਲਕ ਦੇ ਉਹ ਸ਼ਹਿਰੀ ਹੋਣ ਉਥੋਂ ਧੁਰ ਦੀਆਂ ਟਿਕਟਾਂ ਲੈ ਕੇ ਸਿੱਧੇ ਅਤੇ ਨਿਰੰਤਰ ਸਫਰ ਕੀਤੇ ਬਗੈਰ ਕਨੈਡਾ ਆਏ ਹੋਣ।”  

ਇਹ”ਨਿਰੰਤਰ ਸਫਰ”ਕਰਨ ਵਾਲੀ ਨਵੀਂ ਮੱਦ ਕਾਨੂੰਨ ਵਿਚ ਸਿਰਫ਼ ਇਸ ਲਈ ਪਾਈ ਗਈ ਸੀ ਕਿ ਹੋਰ ਹਿੰਦੁਸਤਾਨੀਆਂ ਨੂੰ ਬੀ.ਸੀ. ਵਿਚ ਨਹੀਂ ਆਉਣ ਦੇਣਾ ਅਤੇ ਇਹ 1947 ਤੱਕ ਕਾਨੂੰਨ ਦਾ ਹਿੱਸਾ ਰਹੀ।

2.ਦਸੰਬਰ 1904 ਨੂੰ ਸੋਸ਼ਲਿਸਟ ਪਾਰਟੀ ਆਫ਼ ਵੈਨਕੂਵਰ ਦੀ ਚੌਥੀ ਕਨਵੈਨਸ਼ਨ ਸਮੇਂ ਬੀ.ਸੀ. ਦੇ ਰੌਸ਼ਨ ਖ਼ਿਆਲ ਵਰਕਰਾਂ ਨੇ ਸੋਸ਼ਲਿਸਟ ਪਾਰਟੀ ਆਫ਼ ਕੈਨੇਡਾ ਦੀ ਸਥਾਪਨਾ ਕੀਤੀ। ਇਹ ਸੋਸ਼ਲਿਸਟ ਕਾਰਲ ਮਾਰਕਸ ਦੇ ਖ਼ਿਆਲਾਂ ਦੇ ਧਾਰਨੀ ਸਨ। 1908 ਵਿਚ ਇਸ ਪਾਰਟੀ ਦਾ ਇਕ ਮੈਂਬਰ ਜੇ.ਐਡਵਰਡ ਬਰਡ ਸਿਟੀ ਕੌਂਸਲ ਲਈ ਚੁਣਿਆਂ ਗਿਆ। ਬਰਡ ਇਕ ਵਕੀਲ ਸੀ ਤੇ 1901 ਵਿਚ ਔਨਟੇਰੀਓ ਤੋਂ ਵੈਨਕੂਵਰ ਆ ਗਿਆ ਸੀ। ਵੈਨਕੂਵਰ ਦੇ ਪੰਜਾਬੀ ਭਾਈਚਾਰੇ ਨਾਲ, ਜਿਸ ਦੀ ਗਿਣਤੀ ਉਸ ਵੇਲੇ ਪੰਜ ਹਜ਼ਾਰ ਦੇ ਕਰੀਬ ਸੀ, ਚੰਗੇ ਸਬੰਧ ਬਣਾ ਲਏ ਸਨ ਤੇ ਬਿਜ਼ਨਸ ਤੇ ਇਮਗਰੇਸ਼ਨ ਦੇ ਮਾਮਲਿਆਂ ਵਿਚ ਉਹ ਬਰਡ ਦੀ ਸਲਾਹ ਲੈਂਦੇ ਹੁੰਦੇ ਸਨ। ਬਰਡ ਅਤੇ ਉਸਦੇ ਸੋਸ਼ਲਿਸਟ ਸਾਥੀਆਂ ਨੇ ਸਰਮਾਏਦਾਰਾਂ ਅਤੇ ਨਸਲਾਵਾਦੀਆਂ ਦੇ ਹਿੱਤਾਂ ਲਈ ਸਟੇਟ ਵਲੋਂ ਬਣਾਏ”ਨਿਰੰਤਰ ਯਾਤਰਾ”ਦੇ ਰੈਗੂਲੇਸ਼ਨ ਹੇਠ ਕੀਤੇ ਗਏ ਹਮਲੇ ਦੇ ਖ਼ਿਲਾਫ਼ ਲੜਾਈ ਕੀਤੀ। ਬਰਡ ਸਿਟੀ ਕੌਂਸਲ ਦਾ ਮੈਂਬਰ ਉਸ ਵੇਲੇ ਚੁਣਿਆਂ ਗਿਆ ਸੀ ਜਦੋਂ ਵੈਨਕੂਵਰ ਦੀ ਚੀਨੀ ਤੇ ਜਪਾਨੀ ਬਰਾਦਰੀ ਉਤੇ 1907 ਵਿਚ ਸਾਨਫਰਾਂਸਿਸਕੋ ਤੋਂ ਆਏ ਇਕ ਏਜੰਟ ਨੇ ਇਕ ਬਹੁਤ ਘਟੀਆ ਨਸਲੀ ਹਮਲਾ ਕਰਵਾਇਆ ਸੀ। ਇਸ ਤੋਂ ਪਤਾ ਲਗਦਾ ਹੈ ਕਿ ਬੀ.ਸੀ. ਦੀ ਅਗਾਂਹਵਧੂ ਮਜ਼ਦੂਰ ਲਹਿਰ ਨੇ ਕਦੇ ਵੀ ਸਾਮਰਾਜੀ ਨਸਲਵਾਦੀ ਰਾਜਨੀਤੀ ਨਾਲ ਕੋਈ ਸਮਝੌਤਾ ਨਹੀਂ ਕੀਤਾ।

ਅਕਤੂਬਰ 1913 ਵਿਚ ਪੰਜਾਬੀ ਆਵਾਸੀਆਂ ਦਾ ਇਕ ਗਰੁੱਪ ਵਿਕਟੋਰੀਆ ਵਿਚ ਆਇਆ ਤੇ ਦਲੀਲ ਪੇਸ਼ ਕੀਤੀ ਕਿ ਉਹ ਪਹਿਲਾਂ ਬੀ.ਸੀ.ਵਿਚ ਰਹਿੰਦੇ ਰਹੇ ਹਨ। ਪਰ ਇੰਮੀਗਰੇਸ਼ਨ ਬੋਰਡ ਨੇ ਉਨ੍ਹਾਂ ਨੂੰ ਡਿਪੋਰਟ ਕਰਨ ਦਾ ਹੁਕਮ ਦੇ ਦਿੱਤਾ। ਇੰਡੀਅਨ ਬਰਾਦਰੀ ਨੇ ਇਹ ਕੇਸ ਲੜਨ ਲਈ ਬਰਡ ਨੂੰ ਵਕੀਲ ਕਰ ਲਿਆ। ਬਰਡ ਨੇ “ਅੰਦਰੂਨੀ ਵਜ਼ਾਰਤ ਕੋਲ ਅਪੀਲ ਦਾਇਰ ਕਰ ਦਿੱਤੀ ਅਤੇ ਹੈਬੀਅਸ ਕਾਰਪਸ ਦੀ ਰਿਟ ਵੀ ਦਾਖ਼ਲ ਕਰ ਦਿੱਤੀ ਅਤੇ ਦਲੀਲ ਦਿਤੀ ਕਿ ਕੌਂਸਲ ਦੇ ਹੁਕਮ ਨਾਲ ਜੋ ਤਬਦੀਲੀ ਇਮੀਗਰੇਸ਼ਨ ਐਕਟ ਵਿਚ ਕੀਤੀ ਗਈ ਹੈ ਉਹ ਪਹਿਲਾਂ ਬਣੇ ਕਾਨੂੰਨ ਦੇ ਵਿਰੁਧ ਹੈ। ‘ਰੈਕਸ ਵਰਸਿਜ਼ ਥਰਟੀ ਨਾਇਨ ਹਿੰਦੂ’ ਦੇ ਕੇਸ ਵਿਚ ਬੀ.ਸੀ. ਦੇ ਚੀਫ਼ ਜਸਟਿਸ ਗੌਰਡਨ ਹੰਟਰ ਨੇ ਫੈਸਲਾ ਦਿੱਤਾ ਕਿ’ਨਿਰੰਤਰ ਯਾਤਰਾ’ਦੀ ਮੱਦ ਕਾਨੂੰਨ ਦੀ ਹੱਦ ਦੇ ਬਾਹਰ ਹੈ ਭਾਵ ਗੈਰਕਾਨੂੰਨੀ ਹੈ। ਅਤੇ ਉਹਨੇ ਆਵਾਸੀਆਂ ਨੂੰ ਕੈਨੇਡਾ ਦਾਖ਼ਲ ਹੋਣ ਦੀ ਇਜਾਜ਼ਤ ਦੇ ਦਿੱਤੀ।” (ਗਲੋਬ ਐਂਡ ਮੇਲ 24 ਮਈ 2014)

ਹੱਕਾਂ ਦੇ ਸੰਘਰਸ਼ ਦੀ ਇਹ ਇਕ ਵੱਡੀ ਜਿੱਤ ਸੀ ਅਤੇ ਇੰਡੀਅਨਾਂ ਨੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਚਿਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਕਿ ਟਿਕਟਾਂ ਲੈ ਕੇ ਬੀ.ਸੀ. ਨੂੰ ਆ ਜਾਓ। ਇਨ੍ਹਾਂ ਹਾਲਾਤਾਂ ਵਿਚ ਬਾਬਾ ਗੁਰਦਿੱਤ ਸਿੰਘ ਨੇ, ਜੋ ਸਿੰਘਾਪੁਰ ਵਿਚ ਰਹਿੰਦਾ ਦੇਸ਼ਭਗਤ ਬਿਜ਼ਨਸਮੈਨ ਸੀ, ਕਾਮਾਗਾਟਾ ਮਾਰੂ ਜਹਾਜ਼ ਚਾਰਟਰ ਕਰ ਲਿਆ ਤੇ ਬੀ.ਸੀ. ਆਉਣ ਦੇ ਚਾਹਵਾਨ ਹਿੰਦੁਸਤਾਨੀਆਂ ਨੇ ਟਿਕਟਾਂ ਖ਼ਰੀਦ ਲਈਆਂ। ਉਹ ਅਪ੍ਰੈਲ ਵਿਚ ਹਾਂਗਕਾਂਗ ਤੋਂ ਚਲ ਪਏ ਤੇ ਰਾਹ ਵਿਚ ਕਈ ਏਸ਼ੀਅਨ ਬੰਦਰਗਾਹਾਂ ਤੋਂ ਕਈ ਹੋਰ ਮੁਸਾਫ਼ਰ ਚੁੱਕ ਲਏ। ਇਹ ਜਹਾਜ਼ 376 ਮੁਸਾਫ਼ਰ ਨਾਲ ਭਰਿਆ ਹੋਇਆ ਜਪਾਨ ਦੀ ਯੋਕੋਹਾਮਾਂ ਬੰਦਰਗਾਹ ਤੋਂ ੩ ਮਈ ਨੂੰ ਚਲ ਕੇ 23 ਮਈ ਨੂੰ ਵੈਨਕੂਵਰ ਪਹੁੰਚ ਗਿਆ। ਸਾਫ਼ ਹੈ ਕਿ ਬਾਬਾ ਗੁਰਦਿੱਤ ਸਿੰਘ ਦਾ ਨਿਸ਼ਾਨਾ ”ਨਿਰੰਤਰ ਯਾਤਰਾ” ਦੇ ਨਸਲਵਾਦੀ ਰੈਗੂਲੇਸ਼ਨ ਨੂੰ ਚੈਲੰਜ ਕਰਨਾ ਸੀ। ਉਹ ਅਤੇ ਉਹਦੇ ਜਹਾਜ਼ ਉਤੇ ਸਵਾਰ ਅਤੇ ਵੈਨਕੂਵਰ ਵਿਚ ਰਹਿੰਦੇ ਸਿਆਸੀ ਇਤਹਾਦੀ ਬੀ.ਸੀ. ਵਿਚ ਵਸਣ ਦਾ ਆਪਣਾ ਹੱਕ ਲੈਣ ਲਈ ਇਕ ਜਬਰਦਸਤ ਸਟੈਂਡ ਲੈਣ ਲਈ ਦਰਿੜ ਸਨ।

ਵੈਨਕੂਵਰ ਦੀ ਹਿੰਦੁਸਤਾਨੀ ਕਮਿਊਨਿਟੀ ਅਤੇ ਇਹਦੇ ਇਤਹਾਦੀਆਂ ਨੇ ਹੁਣ ਇਕ ਹੋਰ ਕਾਨੂਨੀ ਲੜਾਈ ਲੜਨ ਲਈ ਫੰਡ ਇਕੱਠਾ ਕੀਤਾ ਅਤੇ ਵੈਨਕੂਵਰ ਸੰਨ ਅਤੇ ਪ੍ਰੋਵੈਂਸ ਦੇ ਘਟੀਆ ਤੇ ਗੰਦੇ ਨਸਲੀ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਪਬਲਿਕ ਜਲਸੇ ਕੀਤੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਐਚ.ਐਚ.ਸਟੀਵਨ ਵਰਗੇ ਟੋਰੀ ਐਮ.ਪੀ ਤੇ ਟੋਰੀ ਪ੍ਰੀਮੀਅਰ ਰਿਚਰਡ ਮਕਬਰਡੀ ਵਰਗੇ ਨਸਲਵਾਦੀਆਂ ਦਾ ਮੁਕਾਬਲਾ ਕੀਤਾ ਜੋ ਸ਼ਰੇਆਮ ਕਹਿੰਦੇ ਸਨ ਕਿ ਜਹਾਜ਼ ਦੇ ਸਵਾਰ ਹਿੰਦੁਸਤਾਨੀ ਆਵਾਸੀਆਂ ਨੂੰ ਨਹੀਂ ਦਾਖ਼ਲ ਹੋਣ ਦੇਣਾ। ਸਰਕਾਰ ਨੇ ਜਹਾਜ਼ ਨੂੰ ਪਾਣੀ ਤੇ ਖੁਰਾਕ ਦੀ ਸਪਲਾਈ ਬੰਦ ਕਰ ਦਿੱਤੀ। ਪਰ ਵੈਨਕੂਵਰ ਦੀ ਕਮਿਉਨਿਟੀ ਨੇ ਆਪ ਜਥੇਬੰਦ ਹੋ ਕੇ ਮੁਸਾਫ਼ਰਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਇਕ ਵਾਰ ਫਿਰ ਕਾਨੂੰਨੀ ਲੜਾਈ ਵਕੀਲ ਬਰਡ ਨੇ ਸਰਅੰਜਾਮ ਦਿੱਤੀ ਤੇ ਕੌਂਸਲ ਅੰਦਰ ਪਾਸ ਕੀਤੇ ਹੁਕਮ ਨੂੰ ਇਕ ਆਵਾਸੀ ਮੁਣਸ਼ੀ ਸਿੰਘ ਦੀ ਤਰਫ਼ੋਂ ਚੈਲੰਜ ਕੀਤਾ। ਬੀ.ਸੀ. ਅਪੀਲ ਕੋਰਟ ਦੇ ਫੁਲ ਬੈਂਚ ਨੇ ੬ ਜੁਲਾਈ ਨੂੰ ਬਰਡ ਦੀ ਅਪੀਲ ਖ਼ਾਰਜ ਕਰ ਦਿੱਤੀ ਤੇ ਕਿਹਾ ਕਿ ਡਿਪਾਰਟਮੈਂਟ ਆਫ਼ ਇੰਮੀਗਰੇਸ਼ਨ ਐਂਡ ਕਲੋਨਲਾਈਜ਼ੇਸ਼ਨ ਦੇ ਕੰਮ ਵਿਚ ਦਖ਼ਲ ਦੇਣ ਦਾ ਅਦਾਲਤ ਨੂੰ ਕੋਈ ਅਧਿਕਾਰ ਨਹੀਂ।

ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੇ ਜਹਾਜ਼ ਦੇ ਜਪਾਨੀ ਕੈਪਟਨ ਨੂੰ ਨੌਕਰੀ ਤੋਂ ਕੱਢ ਦਿੱਤਾ। ਉਹ ਉਥੇ ਰਹਿਣ ਤੇ ਅੜੇ ਰਹੇ। 19 ਜੁਲਾਈ ਨੂੰ ਪੁਲਿਸ ਨੇ ਇਕ ਕਿਸ਼ਤੀ ਰਾਹੀਂ ਜਹਾਜ਼ ਉਤੇ ਹੱਲਾ ਬੋਲ ਦਿੱਤਾ। ਜਹਾਜ਼ ਤੇ ਸਵਾਰ ਆਵਾਸੀਆਂ ਨੇ ਕੋਇਲੇ ਦੇ ਢੇਲੇ ਮਾਰ ਮਾਰ ਕੇ ਉਨ੍ਹਾਂ ਨੂੰ ਪਛਾੜ ਦਿੱਤਾ। ਜਦੋਂ ਸਰਕਾਰੀ ਅਧਿਕਾਰੀ ਜਹਾਜ਼ ਨੂੰ ਰਸਦ ਪਾਣੀ ਤੇ ਸਫ਼ਰ ਲਈ ਲੋੜੀਂਦੀਆਂ ਹੋਰ ਚੀਜ਼ਾਂ ਸਪਲਾਈ ਕਰਨ ਲਈ ਮੰਨ ਗਏ ਅਤੇ ਜੰਗੀ ਜਹਾਜ਼ ਰੈਨਬੌਅ ਨੂੰ ਮੌਕੇ ਉਤੇ ਸੱਦ ਲਿਆ ਜਿਹਦੇ ਡੈਕ ਤੇ ਹਥਿਆਰਬੰਦ ਫੌਜੀ ਤਾਇਨਾਤ ਸਨ ਤਾਂ 23 ਜੁਲਾਈ ਨੂੰ ਕਾਮਾਗਾਟਾ ਮਾਰੂ ਜਹਾਜ਼ ਨੇ ਕੈਪਟਨ ਨੂੰ ਵਾਪਸ ਸੱਦ ਕੇ ਲੰਗਰ ਚੁਕ ਦਿੱਤੇ ਤੇ ਵੈਨਕੂਵਰ ਤੋਂ ਚਾਲੇ ਪਾ ਦਿੱਤੇ।

3. ਇਸ ਪਾਲਸੀ ਸਦਕਾ ਪਹਿਲੀ ਤੇ ਦੂਸਰੀ ਆਲਮੀ ਜੰਗ ਦੌਰਾਨ 16000 ਹਿੰਦੁਸਤਾਨੀਆਂ ਸਮੇਤ ਲੱਖਾਂ ਬ੍ਰਤਾਨੀਆਂ ਅਧੀਨ ਹੋਰ ਲੋਕਾਂ ਨੂੰ ਕੁਰਬਾਨੀ ਦੇਣੀ ਪਈ ਅਤੇ ਬ੍ਰਤਾਨੀਆਂ ਦੇ ਪੈਦਾ ਕੀਤੇ ਬੰਗਾਲ ਦੇ ਅਕਾਲ ਵਿਚ ਹੋਰ ਲੱਖਾਂ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ। 1947 ਤੋਂ ਲੈ ਕੇ ਬ੍ਰਤਾਨੀਆਂ ਰਾਜ ਖ਼ਿਲਾਫ਼ ਉਠੀਆਂ ਬਗਾਵਤਾਂ ਵਿਚ ਕਈ ਲੱਖ ਲੋਕ ਮੌਤ ਦੇ ਘਾਟ ਉਤਾਰੇ ਗਏ।

4. ਹਾਉਸ ਆਫ਼ ਕਾਮਨ ਵਿਚ ਮਾਫ਼ੀ ਮੰਗਦਿਆਂ ਟਰੂਡੋ ਨੇ ਮੰਨਿਆਂ ਕਿ ਜਹਾਜ਼ ਵਿਚ ਸਵਾਰ ਸਿਰਫ਼ ਸਿੱਖ ਹੀ ਨਹੀਂ ਸਨ ਹੋਰ ਲੋਕ ਵੀ ਸਨ। ਉਹਨੇ ਕਿਹਾ,” 23 ਜੁਲਾਈ 1914 ਨੂੰ ਵੈਨਕੂਵਰ ਦੀ ਬੁਰਾਡ ਨਦੀ ਵਿਚੋਂ ਇਕ ਸਟੀਮਸ਼ਿਪ ਤੁਰਿਆ। ਉਹਦੇ ਉਤੇ ਸਿੱਖ, ਮੁਸਲਿਮ ਅਤੇ ਹਿੰਦੂ ਮੂਲ ਦੇ 376 ਮੁਸਾਫ਼ਰ ਸਵਾਰ ਸਨ।”

5. ਟਰਾਂਟੋ ਦੇ ਇਕ ਕਾਨੂੰਨ ਦੇ ਮਾਹਿਰ ਅਜੀਜ਼ਾ ਕਾਂਜੀ ਨੇ ਟਰਾਂਟੋ ਸਟਾਰ ਵਿਚ ਇਕ ਲੇਖ ਲਿਖਿਆ ਅਤੇ ਹੇਠ ਲਿਖੇ ਸਵਾਲ ਪੁੱਛੇ

“ਅੱਜ ਤੋਂ ਸੌ ਸਾਲ ਬਾਅਦ ਕੀ ਕੈਨੇਡਾ ਦਾ ਪ੍ਰਧਾਨਮੰਤਰੀ ਇਕ ਵਾਰ ਫਿਰ ਆਵਾਸੀਆਂ ਦੇ ਵਾਰਸਾਂ ਤੋਂ ਇਸ ਗੱਲ ਲਈ ਮੁਆਫ਼ੀ ਮੰਗੇਗਾ ਕਿ ਸਰਕਾਰ ਨੇ ਸਰਹੱਦ ਦੀ ਹਿਫਾਜ਼ਤ ਕਰਨ ਦੇ ਨਾਮ ਹੇਠ ਆਵਾਸੀਆਂ ਨੂੰ ਅੰਦਰ ਨਹੀਂ ਸੀ ਵੜਨ ਦਿੱਤਾ? ਜਾਂ ਫਿਰ ਸਾਡਾ ਮੌਜੂਦਾ ਪ੍ਰਧਾਨ ਮੰਤਰੀ ਇਮੀਗਰੇਸ਼ਨ ਕਾਨੂੰਨ ਨੂੰ ਸੁਧਾਰੇਗਾ ਤੇ ‘ਆਪਣੇ ਤੇ ਆਪਣੇ ਪ੍ਰੀਵਾਰ ਦੇ ਜੀਵਨ ਨੂੰ ਚੰਗਾ ਬਣਾਉਣ ਲਈ ਪਨਾਹ ਮੰਗਣ ਵਾਲਿਆਂ’ ਦੀ ਹਿਫਾਜ਼ਤ ਕਰੇਗਾ ਤੇ ਆਉਣ ਵਾਲੇ ਸਮੇਂ ਵਿਚ ਪੇਸ਼ ਆਉਣ ਵਾਲੀ ਸ਼ਰਮਿੰਦਗੀ ਤੋਂ ਬਚਾਅ ਕਰੇਗਾ।”

ਕਾਂਜੀ ਨੇ ਇਸ ਵੇਲੇ ਆਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਦੀ ਜਾਣਕਾਰੀ ਦੇਂਦਿਆਂ ਦਸਿਆ, ”ਮੁਆਫ਼ੀਨਾਮੇਂ ਚਿਰਾਂ ਪੁਰਾਣੇ ਜ਼ਖ਼ਮਾਂ ਤੇ ਮਰਹਮ ਦਾ ਕੰਮ ਵੀ ਕਰ ਸਕਦੇ ਹਨ। ਲੇਕਿਨ ਮੁਆਫ਼ੀਨਾਮੇ ਬੀਤੇ ਦੇ ਜ਼ਖ਼ਮਾਂ ਦੇ ਕਾਰਨਾਂ ਨੂੰ ਲੁਕਾਉਣ ਤੇ ਐਸ ਵੇਲੇ ਉਨ੍ਹਾਂ ਦੀ ਮੌਜੂਦਗੀ ਨੂੰ ਨਜ਼ਰਅੰਦਾਜ਼ ਕਰਨ ਦਾ ਕੰਮ ਵੀ ਕਰ ਜਾਂਦੇ ਹਨ। ’ਵਾਈਟ ਕੈਨੇਡਾ’ ਦਾ ਨਿਸ਼ਾਨਾ ਭਾਵੇਂ ਅਫ਼ੀਸ਼ਲ ਤੌਰ ਤੇ ਛੱਡ ਦਿੱਤਾ ਗਿਆ ਲੇਕਿਨ ਬਹੁਤ ਸਾਰੇ ਆਵਾਸੀਆਂ ਨਾਲ ਖ਼ਤਰਨਾਕ ‘ਧਾੜਵੀਆਂ’ ਵਾਲਾ ਸਲੂਕ ਕਰਨਾ ਹਾਲੇ ਵੀ ਜਾਰੀ ਹੈ।“

“ ਕਨੇਡਾ ਵਿਚ ਸਿਰਫ਼ ਆਵਾਸੀ ਹੀ ਹਾਲੇ ਵੀ ਆਬਾਦੀ ਉਹ ਹਿਸਾ ਜਿਨ੍ਹਾਂ ਨੂੰ ਬਗੈਰ ਕਿਸੇ ਇਲਜ਼ਾਮ ਜਾਂ ਦੋਸ਼ੀ ਹੋਣ ਦੇ ਬਗੈਰ ਕਦੇ ਵੀ ਫੜ ਕੇ ਬੰਦ ਕੀਤਾ ਜਾ ਸਕਦਾ ਹੈ ਤੇ ਲੰਬੇ ਸਮੇਂ ਤੱਕ ਬੰਦ ਰੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਨਾਲ ਹਰ ਸਾਲ ਹਜ਼ਾਰਾਂ ਬੰਦੀ ਬਣਾਏ ਜਾਂਦੇ ਹਨ ਜਿਨ੍ਹਾਂ ਵਿਚ ਨਿਆਣੇ ਵੀ ਸ਼ਾਮਲ ਹਨ।”

ਕਾਂਜੀ ਦਾ ਕਹਿਣਾ ਕਿ 2001 ਤੋਂ ਲੈ ਕੇ 2012 ਦੌਰਾਨ ਕੈਨੇਡਾ ਨੇ 13000 ਆਵਾਸੀ ਸਮੁੰਦਰ ਵਿਚ ਹੀ ਰੋਕ ਲਏ ਜਿਨ੍ਹਾਂ ਵਿਚੋਂ ਹਜ਼ਾਰਾਂ ਪਨਾਹਗੀਰ ਹੋ ਸਕਦੇ ਹਨ।

“ਬਹੁਤੇ ਆਵਾਸੀ ਹਾਲੇ ਵੀ ਖ਼ਤਰਨਾਕ ‘ਧਾੜਵੀ’ ਸਮਝੇ ਜਾਂਦੇ ਹਨ।” ਅਜੀਜ਼ਾ ਕਾਂਜੀ, ਟਰਾਂਟੋ ਸਟਾਰ, 17 ਅਪ੍ਰੈਲ 2016

 

Back to top Back to Home Page